How long, after all, will Sikhs have to repeatedly prove their loyalty to the British? — Giani Baghel Singh, UK
ਆਖਰ ਕਦੋਂ ਤੱਕ ਸਿੱਖਾਂ ਨੂੰ ਬਾਰ-ਬਾਰ ਅੰਗਰੇਜ਼ਾਂ ਪ੍ਰਤੀ ਆਪਣੀ ਵਫਾਦਾਰੀ ਸਾਬਤ ਕਰਨੀ ਪਵੇਗੀ- ਗਿਆਨੀ ਬਘੇਲ ਸਿੰਘ ਯੂ.ਕੇ.
London, (ਆਵਾਜ਼ਿ ਕੌਮ ਬਿਊਰੋ)-1849 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਨੇ ਪੰਜਾਬ ਦੀ ਸਰਜਮੀਨ ਉੱਪਰ ਆਪਣਾ ਰਾਜ ਰੱਖਿਆ ਲੰਬਾ ਸਮਾਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਨਾਲ ਲੜਾਈ ਤੋਂ ਬਾਅਦ ਆਖਿਰਕਾਰ ਜਦੋਂ ਅੰਗਰੇਜ਼ ਨੇ ਪੰਜਾਬ ਦੀ ਧਰਤੀ ਤੇ ਆਪਣਾ ਰਾਜ ਕਾਇਮ ਕੀਤਾ| ਆਪਣੀਆਂ ਕੂਟਨੀਤੀਆਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਵਿਲਾਇਤ ਦੀ ਧਰਤੀ ਤੇ ਲੈ ਕੇ ਆਉਣਾ ਉਸ ਨੂੰ ਸਿੱਖ ਤੋਂ ਕ੍ਰਿਸਚਨ ਬਣਾ ਕੇ ਆਪਣੀ ਤਰਫ ਰੱਖਣ ਵਾਸਤੇ ਸਾਰੀਆਂ ਕੋਸ਼ਿਸ਼ਾਂ ਕਰਨੀਆਂ ਅਤੇ ਜਦੋਂ ਮਹਾਰਾਜਾ ਦਲੀਪ ਸਿੰਘ ਆਪਣੇ ਰਾਜਭਾਗ ਤੇ ਆਪਣੀ ਸਿੱਖੀ ਲਈ ਲੜਨ ਵਾਸਤੇ ਤਿਆਰ ਹੋਇਆ ਤੇ ਉਸ ਨੂੰ ਬੇਦਖਲ ਕਰਕੇ ਫਰਾਂਸ ਦੀ ਧਰਤੀ ਤੇ ਮਰਨ ਲਈ ਛੱਡ ਦੇਣਾ ਅੰਗਰੇਜ਼ ਸਰਕਾਰ ਦੀ ਬਹੁਤ ਪੁਰਾਣੀ ਨੀਤੀ ਰਹੀ ਹੈ| ਇਸ ਦੇ ਨਾਲ ਹੀ 1945 ਦੇ ਵਿੱਚ ਦੂਸਰੀ ਵਿਸ਼ਵ ਜੰਗ ਦੇ ਵਿੱਚ ਸਿੱਖਾਂ ਨੂੰ ਮੋਹਰੀ ਰੂਪ ਵਿੱਚ ਵਰਤ ਕੇ ਆਪਣੀ ਲੜਾਈ ਵਾਸਤੇ ਲੜਨ ਲਈ ਅੱਗੇ ਭੇਜਣਾ ਅਤੇ ਵਿਲਾਇਤ ਦੀ ਧਰਤੀ ਤੇ ਉਹਨਾਂ ਸਿੱਖਾਂ ਨੂੰ ਆਪਣੇ ਹੀਰੋ ਦੇ ਵਜੋਂ ਮਾਨਤਾ ਦੇਣੀ ਅੰਗਰੇਜ਼ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ। ਸਾਡੇ ਸਿਰਾਂ ਦੇ ਉੱਪਰ ਸਜਾਈਆਂ ਹੋਈਆਂ ਦਸਤਾਰਾਂ ਤੇ ਸਾਡੇ ਸਰੀਰ ਉੱਪਰ ਪਹਿਨੀਆਂ ਹੋਈਆਂ ਕਿਰਪਾਨਾਂ ਕੋਈ ਨਵੀਆਂ ਨਹੀਂ ਹਨ ਜਿਸ ਸਮੇਂ ਤੋਂ ਅੰਗਰੇਜ਼ ਨੇ ਭਾਰਤ ਦੀ ਧਰਤੀ ਤੇ ਕਦਮ ਰੱਖਿਆ ਉਸ ਸਮੇਂ ਤੋਂ ਲੈ ਕੇ ਅੱਜ ਦੇ ਮੌਜੂਦਾ ਸਮੇਂ ਤੱਕ ਅੰਗਰੇਜ਼ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਿੱਖ ਕੌਣ ਹਨ ਇਹਨਾਂ ਦੇ ਕਿਰਦਾਰ ਕੀ ਹਨ ਇਹਨਾਂ ਦੀ ਦਸਤਾਰ ਤੇ ਇਹਨਾਂ ਦੇ ਕਕਾਰ ਕੀ ਮਹੱਤਤਾ ਰੱਖਦੇ ਹਨ| ਅੱਜ ਮਨੁੱਖਤਾ ਦੇ ਰਾਖੇ ਬਣੇ ਬੈਠੇ ਇਹ ਲੋਕ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖੇ ਜਾਣਗੇ ਜਿਨਾਂ ਦੇ ਰਾਜ ਵਿੱਚ ਸਭ ਤੋਂ ਵੱਧ ਮਨੁੱਖਾਂ ਨੂੰ ਫਾਂਸੀ ਤੇ ਲਟਕਾਇਆ ਗਿਆ ਕਾਲੇ ਪਾਣੀ ਅਤੇ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਲੋਕਾਂ ਨੂੰ ਜਬਰਦਸਤੀ ਗੁਲਾਮ ਬਣਾ ਕੇ ਆਪਣੇ ਕਾਟਨ ਅਤੇ ਸ਼ੂਗਰ ਕੇਨ ਦੇ ਵਪਾਰ ਵਾਸਤੇ ਜਬਰਦਸਤੀ ਕੰਮ ਕਰਾਇਆ ਗਿਆ ਹੈਲਥ ਸੇਵਾਵਾਂ ਅਤੇ ਮਨੁੱਖਤਾ ਦੇ ਘਾਣ ਕਰਨ ਵਾਲੇ ਲੋਕਾਂ ਵਿੱਚ ਅੰਗਰੇਜ਼ ਸਰਕਾਰ ਦਾ ਸਭ ਤੋਂ ਪਹਿਲਾ ਨੰਬਰ ਹਮੇਸ਼ਾ ਆਉਂਦਾ ਰਹੇਗਾ। ਬੜੇ ਅਫਸੋਸ ਦੀ ਗੱਲ ਹੈ ਕਿ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਘਾਣ ਕਰਨ ਵਾਲੇ ਇਹ ਲੋਕ ਅੱਜ ਮਨੁੱਖੀ ਅਧਿਕਾਰਾਂ ਨੂੰ ਢਾਲ ਬਣਾ ਕੇ ਹੈਨਰੀ ਨੋਵਾਕ ਵਰਗੇ ਨੌਜਵਾਨ ਨਾਲ ਹੋਈ ਘਟਨਾ ਨੂੰ ਮੁੱਖ ਰੱਖ ਕੇ ਸਿੱਖਾਂ ਦੇ ਕਿਰਦਾਰ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਅਤੇ ਸਿੱਖਾਂ ਦੇ ਕਕਾਰਾਂ ਉੱਪਰ ਪਾਬੰਦੀ ਲਾਉਣ ਵਾਸਤੇ ਸਭ ਤੋਂ ਮੋਹਰੀ ਰੋਲ ਅਦਾ ਕਰ ਰਹੇ ਹਨ| ਜਦੋਂ ਕਿ ਇੰਗਲੈਂਡ ਦੀ ਓਫਿਸ਼ੀਅਲ ਰਿਪੋਰਟ ਦੇ ਅਨੁਸਾਰ ਨਾਈਫ ਕਰਾਈਮ ਦੇ ਰੂਪ ਵਿੱਚ ਸਿੱਖਾਂ ਨਾਲੋਂ ਵੱਧ ਇੱਥੋਂ ਦੇ ਵਸਨੀਕਾਂ ਉੱਪਰ ਕੇਸ ਦਰਜ ਹਨ ਜਿਹੜੇ ਆਏ ਦਿਨ ਲੋਕਾਂ ਨੂੰ ਨਾਈਫ ਦੇ ਨਾਲ ਜਖਮੀ ਕਰ ਰਹੇ ਹਨ ਤੇ ਇੱਥੋਂ ਤੱਕ ਕਿ ਕਤਲ ਦੇ ਮਾਮਲਿਆਂ ਵਿੱਚ ਵੀ ਸਭ ਤੋਂ ਵੱਡੀ ਦਰ ਇਹਨਾਂ ਲੋਕਾਂ ਦੀ ਹੈ ਤੇ ਸਿੱਖਾਂ ਨਾਲ ਜੁੜੀ ਹੋਈ ਇੱਕ ਘਟਨਾ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਡੇਂਜਰਸ ਅਤੇ ਖਤਰਨਾਕ ਦੱਸ ਕੇ ਉਹਨਾਂ ਦੇ ਕਕਾਰਾਂ ਉੱਪਰ ਪਾਬੰਦੀ ਲਾਉਣ ਵਾਸਤੇ ਇਹ ਲੋਕ ਬਜਿੱਦ ਹੋਏ ਬੈਠੇ ਹਨ| ਬੜੀ ਹੈਰਾਨੀ ਦੀ ਗੱਲ ਹੈ ਕਿ 1849 ਤੋਂ ਲੈ ਕੇ 1947 ਤੱਕ ਭਾਰਤ ਵਿੱਚ ਅਤੇ 1945 ਤੋਂ ਲੈ ਕੇ 2020 ਤੱਕ ਵਿਦੇਸ਼ਾਂ ਦੀ ਧਰਤੀ ਉੱਪਰ ਅੰਗਰੇਜ਼ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੇ ਕਕਾਰਧਾਰੀ ਸਿੱਖ ਅੱਜ ਇਹਨਾਂ ਵਾਸਤੇ ਜਾਨ ਦਾ ਖਤਰਾ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਰੋਨਾ ਵਰਗੀ ਮਹਾਂਮਾਰੀ ਅਤੇ ਹੋਰ ਬਹੁਤ ਵੱਡੀਆਂ ਬਿਪਤਾਵਾਂ ਦੇ ਸਮੇਂ ਐਨ ਐਚ ਐਸ ਨੂੰ ਅਤੇ ਅੰਗਰੇਜ਼ ਸਰਕਾਰ ਨੂੰ ਸਿੱਖਾਂ ਦੇ ਗੁਰਦੁਆਰਿਆਂ ਵਿੱਚੋਂ ਲੱਖਾਂ ਪੌਂਡ ਦਿੱਤੇ ਜਾਂਦੇ ਰਹੇ ਤੇ ਸਮੇਂ ਸਮੇਂ ਉੱਪਰ ਇਹਨਾਂ ਦੀਆਂ ਸਰਕਾਰਾਂ ਵਾਸਤੇ ਗੁਰਦੁਆਰਾ ਸਾਹਿਬਾਨਾਂ ਅੰਦਰ ਆ ਕੇ ਇਹਨਾਂ ਦੀਆਂ ਪਾਰਟੀਆਂ ਦੇ ਲੀਡਰ ਵੋਟਾਂ ਮੰਗਣ ਵਾਸਤੇ ਸਿੱਖਾਂ ਦੇ ਹੱਥ ਜੋੜਦੇ ਰਹੇ ਹਨ| ਯੂਕੇ ਦੀ ਪੁਲਿਸ ਅਤੇ ਆਰਮ ਫੋਰਸ ਦੇ ਵਿੱਚ ਵੀ ਦਸਤਾਰਧਾਰੀ ਅਤੇ ਕਕਾਰਧਾਰੀ ਸਿੱਖ ਸ਼ਾਮਿਲ ਹਨ| ਇੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਤੇ ਉੱਚ ਅਹੁਦਿਆਂ ਦੇ ਉੱਪਰ ਵੀ ਕਿਰਪਾਨ ਧਾਰੀ ਸਿੱਖ ਬਿਰਾਜੇ ਹਨ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਸੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਸ਼ਾਮਿਲ ਹਨ ਜਿਨਾਂ ਅੰਦਰ ਸਿੱਖਾਂ ਨੇ ਇੰਗਲੈਂਡ ਦੀ ਧਰਤੀ ਉੱਪਰ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ ਅਤੇ ਅੱਜ ਵੀ ਇੰਗਲੈਂਡ ਦੇ ਟੈਕਸ ਪੇਅਰ ਦੇ ਰੂਪ ਵਿੱਚ ਪੰਜਾਬੀ ਸਭ ਤੋਂ ਪਹਿਲੇ ਨੰਬਰ ਉੱਪਰ ਹਾਜ਼ਰ ਹਨ| ਇਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਅੱਜ ਸਿੱਖਾਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਣਾ ਅਤੇ ਸਮੇਂ ਸਮੇਂ ਉੱਪਰ ਅੰਗਰੇਜ਼ ਸਰਕਾਰ ਅਤੇ ਇੱਥੋਂ ਦੇ ਮੁਲਕ ਵਾਸਤੇ ਆਪਣੀ ਵਫਾਦਾਰੀ ਸਾਬਤ ਕਰਨਾ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਸਾਨੂੰ ਕਦੇ ਵੀ ਇਸ ਮੁਲਕ ਦੇ ਵਸਨੀਕ ਜਾਂ ਆਪਣੇ ਨਹੀਂ ਸਮਝਿਆ ਗਿਆ ਹਮੇਸ਼ਾ ਬਾਹਰੀ ਹੀ ਸਮਝਿਆ ਗਿਆ ਹੈ ਅਤੇ ਬਾਰ-ਬਾਰ ਸਾਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਅਸੀਂ ਇਸ ਮੁਲਕ ਦੇ ਵਫਾਦਾਰ ਸਿੱਖ ਹਾਂ| ਮਿਸਾਲ ਵਜੋਂ ਸਿੱਖ ਜਥੇਬੰਦੀਆਂ ਵੱਲੋਂ ਸਭ ਗੁਰਦੁਆਰਾ ਸਾਹਿਬਾਨਾਂ ਨੂੰ ਇਹ ਨੋਟੀਫਿਕੇਸ਼ਨ ਕੱਢਣਾ ਕਿ ਕਿਰਪਾਨ ਦੀ ਰਾਖੀ ਵਾਸਤੇ ਆਪੋ ਆਪਣੇ ਐਮਪੀਜ ਨੂੰ ਅਤੇ ਸਰਕਾਰਾਂ ਨੂੰ ਚਿੱਠੀਆਂ ਲਿਖੋ ਈਮੇਲ ਭੇਜੋ ਤਾਂ ਜੋ ਸਾਨੂੰ ਸਾਡੇ ਕਕਾਰ ਧਾਰਨ ਕਰਨ ਦਾ ਅਧਿਕਾਰ ਬਹਾਲ ਰੱਖਿਆ ਜਾਵੇ ਇਸ ਗੱਲ ਵੱਲ ਇਸ਼ਾਰਾ ਕਰਦਾ| ਆਪਣੇ ਅਧਿਕਾਰਾਂ ਦੀ ਰਾਖੀ ਵਾਸਤੇ ਲੜਨਾ ਅਤੇ ਸਰਕਾਰਾਂ ਦੇ ਨਾਲ ਭਿੜਨਾ ਸਿੱਖਾਂ ਦੀ ਹਮੇਸ਼ਾ ਫਿਤਰਤ ਰਹੀ ਹੈ ਅਤੇ ਸਾਨੂੰ ਆਪਣੇ ਅਧਿਕਾਰ ਵਾਸਤੇ ਇਹ ਕਦਮ ਬਹੁਤ ਜਰੂਰੀ ਰੂਪ ਵਿੱਚ ਚੁੱਕਣੇ ਵੀ ਚਾਹੀਦੇ ਹਨ| ਪਰ ਇਸ ਦੇ ਨਾਲ ਹੀ ਸਾਨੂੰ ਇਹ ਜਰੂਰ ਵਿਚਾਰਨਾ ਪਵੇਗਾ ਕਿ ਜਿਨਾਂ ਨੂੰ ਆਪਣੇ ਸਮਝ ਕੇ ਅਸੀਂ ਹਮੇਸ਼ਾ ਉਹਨਾਂ ਦੀ ਪੈਰਵੀ ਕਰਦੇ ਹਾਂ ਤੇ ਸਾਡੇ ਉੱਪਰ ਭੀੜ ਪੈਣ ਤੇ ਇਹ ਲੋਕ ਹਮੇਸ਼ਾ ਦੂਸਰੀ ਕਤਾਰ ਵਿੱਚ ਜਾ ਕੇ ਖੜੇ ਹੋ ਜਾਂਦੇ ਹਨ ਸਮਾਂ ਪੈਣ ਤੇ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਵੀ ਬਹੁਤ ਜਰੂਰੀ ਹੈ।

