Indian wrestling to get a new platform in Australia; National Federation formed
ਆਸਟ੍ਰੇਲੀਆ ’ਚ ਭਾਰਤੀ ਕੁਸ਼ਤੀ ਨੂੰ ਮਿਲੇਗਾ ਨਵਾਂ ਮੰਚ; ਕੌਮੀ ਫੈਡਰੇਸ਼ਨ ਦਾ ਗਠਨ
ਮੈਲਬੌਰਨ (ਆਵਾਜ਼ਿ ਕੌਮ ਬਿਊਰੋ)-ਆਸਟ੍ਰੇਲੀਆ ਵਿੱਚ ਭਾਰਤੀ ਰਵਾਇਤੀ ਕੁਸ਼ਤੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਅਤੇ ਇਸ ਖੇਡ ਨੂੰ ਸੰਗਠਿਤ ਢੰਗ ਨਾਲ ਅੱਗੇ ਵਧਾਉਣ ਲਈ ਨਵੀਂ ਪਹਿਲਕਦਮੀ ਕੀਤੀ ਗਈ ਹੈ। ਇਸੇ ਲੜੀ ਤਹਿਤ ਇੰਡੀਅਨ ਸਟਾਈਲ ਰੈਸਲਿੰਗ ਫੈਡਰੇਸ਼ਨ ਆਫ਼ ਆਸਟ੍ਰੇਲੀਆ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਹੈ। ਫੈਡਰੇਸ਼ਨ ਦੀ ਕਮਾਨ ਵਿਨੋਦ ਕੁਮਾਰ ਨੂੰ ਪ੍ਰਧਾਨ ਅਤੇ ਮਨਜੀਤ ਢਿੱਲੋਂ ਨੂੰ ਜਨਰਲ ਸਕੱਤਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਨਵੀਂ ਸੰਸਥਾ ਨੇ ਆਪਣੇ ਗਠਨ ਤੋਂ ਬਾਅਦ ਖੇਡ ਗਤੀਵਿਧੀਆਂ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਫੈਡਰੇਸ਼ਨ ਦੀ ਅਗਵਾਈ ਹੇਠ ਕਰਵਾਏ ਗਏ ਪਹਿਲੇ ਕੁਸ਼ਤੀ ਮੁਕਾਬਲੇ ਵਿੱਚ ਵੱਖ-ਵੱਖ ਉਮਰ ਵਰਗਾਂ ਦੇ 40 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਨੂੰ ਆਸਟ੍ਰੇਲੀਆ ਵਿੱਚ ਭਾਰਤੀ ਰਵਾਇਤੀ ਕੁਸ਼ਤੀ ਦੇ ਭਵਿੱਖ ਲਈ ਇੱਕ ਉਤਸ਼ਾਹਜਨਕ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਫੈਡਰੇਸ਼ਨ ਵੱਲੋਂ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਪਣੀਆਂ ਇਕਾਈਆਂ ਕਾਇਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਸੂਬਾਈ ਇਕਾਈਆਂ ਰਾਹੀਂ ਸਥਾਨਕ ਅਤੇ ਸੂਬਾ ਪੱਧਰ ’ਤੇ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਾਲ 2026-27 ਦੌਰਾਨ ਪਹਿਲੀ ਰਾਸ਼ਟਰੀ ਪੱਧਰ ਦੀ ਕੁਸ਼ਤੀ ਚੈਂਪੀਅਨਸ਼ਿਪ ਕਰਵਾਉਣ ਦੀ ਯੋਜਨਾ ਵੀ ਉਲੀਕੀ ਗਈ ਹੈ। ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਸੂਬਿਆਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੁਕਾਬਲਾਤੀ ਪ੍ਰਬੰਧ ਦਾ ਇੱਕ ਖ਼ਾਸ ਆਕਰਸ਼ਣ ਆਸਟ੍ਰੇਲੀਆ ਕੇਸਰੀ ਦਾ ਖ਼ਿਤਾਬ ਹੋਵੇਗਾ। ਯੋਜਨਾ ਅਨੁਸਾਰ ਪੁਰਸ਼ ਅਤੇ ਮਹਿਲਾ ਵਰਗਾਂ ਦੇ ਜੇਤੂ ਪਹਿਲਵਾਨਾਂ ਨੂੰ ਆਪੋ-ਆਪਣੇ ਵਰਗ ਵਿੱਚ ‘ਆਸਟ੍ਰੇਲੀਆ ਕੇਸਰੀ’ ਦੇ ਸਨਮਾਨ ਨਾਲ ਨਿਵਾਜਿਆ ਜਾਵੇਗਾ। ਇਸ ਨਾਲ ਪਹਿਲਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਸਾਬਤ ਕਰਨ ਦੇ ਨਾਲ-ਨਾਲ ਇੱਕ ਵੱਡੀ ਪਛਾਣ ਹਾਸਲ ਕਰਨ ਦਾ ਮੌਕਾ ਮਿਲੇਗਾ। ਫੈਡਰੇਸ਼ਨ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਇਸ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਇੰਡੀਅਨ ਸਟਾਈਲ ਰੈਸਲਿੰਗ ਐਸੋਸੀਏਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਗੌਰਵ ਸਚਦੇਵਾ ਅਤੇ ਯੂਨਾਈਟਿਡ ਵਰਲਡ ਰੈਸਲਿੰਗ ਦੇ ਜਨਰਲ ਸਕੱਤਰ ਕਾਰਲੋਸ ਰੋਏ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਹੁਦੇਦਾਰਾਂ ਦੇ ਸਹਿਯੋਗ ਅਤੇ ਹੱਲਾਸ਼ੇਰੀ ਸਦਕਾ ਆਸਟ੍ਰੇਲੀਆ ਵਿੱਚ ਭਾਰਤੀ ਸ਼ੈਲੀ ਦੀ ਕੁਸ਼ਤੀ ਨੂੰ ਸੰਗਠਿਤ ਰੂਪ ਵਿੱਚ ਪ੍ਰਫੁੱਲਤ ਕਰਨ ਦਾ ਰਾਹ ਖੁੱਲ੍ਹਿਆ ਹੈ। ਵਿਨੋਦ ਕੁਮਾਰ ਨੇ ਕਿਹਾ ਕਿ ਇਸ ਫੈਡਰੇਸ਼ਨ ਦਾ ਗਠਨ ਸਿਰਫ਼ ਇੱਕ ਖੇਡ ਸੰਸਥਾ ਦੀ ਸਥਾਪਨਾ ਤੱਕ ਸੀਮਤ ਨਹੀਂ, ਸਗੋਂ ਭਾਰਤੀ ਖੇਡ ਵਿਰਾਸਤ ਨੂੰ ਵਿਦੇਸ਼ੀ ਧਰਤੀ ’ਤੇ ਨਵੀਂ ਪਛਾਣ ਦਿਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਮੁਤਾਬਕ ਇਸ ਮੰਚ ਰਾਹੀਂ ਆਸਟ੍ਰੇਲੀਆ ਵਿੱਚ ਵੱਸਦੇ ਭਾਰਤੀ ਮੂਲ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਰਵਾਇਤੀ ਖੇਡ ਨਾਲ ਜੁੜਨ, ਸਿਖਲਾਈ ਹਾਸਲ ਕਰਨ ਅਤੇ ਉੱਚ ਪੱਧਰ ’ਤੇ ਆਪਣੀ ਯੋਗਤਾ ਦਿਖਾਉਣ ਦੇ ਮੌਕੇ ਮਿਲਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਪਹਿਲਕਦਮੀ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਤੱਕ ਆਪਣਾ ਘੇਰਾ ਵਧਾਏਗੀ ਅਤੇ ਭਾਰਤੀ ਰਵਾਇਤੀ ਕੁਸ਼ਤੀ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਨਵੀਂ ਪਛਾਣ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।

