IndiGo plane hits pole while parking, causing stampede at Srinagar airport
ਪਾਰਕਿੰਗ ਦੌਰਾਨ ਖੰਭੇ ‘ਚ ਜਾ ਵੱਜਾ ਇੰਡੀਗੋ ਦਾ ਜਹਾਜ਼, ਸ਼੍ਰੀਨਗਰ ਏਅਰਪੋਰਟ ‘ਤੇ ਪਈਆਂ ਭਾਜੜਾਂ
ਸ਼੍ਰੀਨਗਰ (ਆਵਾਜ਼ਿ ਕੌਮ ਬਿਊਰੋ)- ਨਵੀਂ ਮੁੰਬਈ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਸ਼੍ਰੀਨਗਰ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ, ਜਦੋਂ ਪਾਰਕਿੰਗ ਦੌਰਾਨ ਜਹਾਜ਼ ਇੱਕ ਖੰਭੇ ਨਾਲ ਟਕਰਾ ਗਿਆ। ਇਸ ਘਟਨਾ ਨਾਲ ਏਅਰਪੋਰਟ ‘ਤੇ ਭਾਜੜਾਂ ਪੈ ਗਈਆਂ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਏਏਆਈ ਨੇ ਕਿਹਾ ਕਿ ਇਸ ਘਟਨਾ ਨਾਲ ਸਬੰਧਤ ਜਾਣਕਾਰੀ ਅਤੇ ਹਾਲਾਤਾਂ ਦੀ ਜਾਂਚ ਸਬੰਧਤ ਅਧਿਕਾਰੀਆਂ ਦੁਆਰਾ ਨਿਰਧਾਰਤ ਪ੍ਰਕਿਰਿਆਵਾਂ ਅਨੁਸਾਰ ਕੀਤੀ ਜਾਵੇਗੀ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਮੁੰਬਈ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਇੱਕ ਫਲਾਈਟ 6E 225 (VT-NOG) ਨੂੰ ਸਵੇਰੇ 9:02 ਵਜੇ ਬੇ ਨੰਬਰ 6 ‘ਤੇ ਲਿਆਂਦਾ ਜਾ ਰਿਹਾ ਸੀ, ਜਦੋਂ ਇਹ ਪਾਰਕਿੰਗ ਦੌਰਾਨ ਵਿਜ਼ੂਅਲ ਡੌਕਿੰਗ ਗਾਈਡੈਂਸ ਸਿਸਟਮ (VDGS) ਦੇ ਖੰਭੇ ਨਾਲ ਟਕਰਾ ਗਈ। ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਇੰਡੀਗੋ ਏਅਰਲਾਈਨਜ਼ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਹੀ ਕਾਰਨ ਦਾ ਪਤਾ ਲੱਗੇਗਾ ਅਤੇ ਇਸ ਪੜਾਅ ‘ਤੇ ਕੋਈ ਸਿੱਟਾ ਨਹੀਂ ਕੱਢਿਆ ਗਿਆ ਹੈ। ਇੰਡੀਗੋ ਨੇ ਕਿਹਾ ਕਿ ਘਟਨਾ ਤੋਂ ਬਾਅਦ, ਹਵਾਈ ਅੱਡੇ ਦਾ ਕੰਮਕਾਜ ਆਮ ਰਿਹਾ ਅਤੇ ਉਡਾਣਾਂ ਸ਼ਡਿਊਲ ਅਨੁਸਾਰ ਚੱਲਦੀਆਂ ਰਹੀਆਂ।

