Inferno in a 4-storey building in Phuket! 11 people die a tragic death
ਫੁਕੇਟ ਦੀ 4 ਮੰਜ਼ਿਲਾ ਇਮਾਰਤ ‘ਚ ਅੱਗ ਦਾ ਤਾਂਡਵ ! 11 ਲੋਕਾਂ ਦੀ ਹੋਈ ਦਰਦਨਾਕ ਮੌਤ
Fuket, (ਆਵਾਜ਼ਿ ਕੌਮ ਬਿਊਰੋ)-ਥਾਈਲੈਂਡ ਦੇ ਮਸ਼ਹੂਰ ਟੂਰਿਸਟ ਸਪਾਟ ਫੁਕੇਟ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਚਾਰ-ਮੰਜ਼ਿਲਾ ਇਮਾਰਤ ‘ਚ ਸੋਮਵਾਰ ਤੜਕੇ ਭਿਆਨਕ ਅੱਗ ਲੱਗਣ ਕਾਰਨ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਫੁਕੇਟ ਦੇ ਪਾਟੋਂਗ ਇਲਾਕੇ ਦੇ ਇੱਕ ਪੁਲਸ ਅਧਿਕਾਰੀ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅੱਗ ਸੋਮਵਾਰ ਤੜਕੇ ਲਗਭਗ 3:30 ਵਜੇ ਲੱਗੀ। ਇਸ ਇਮਾਰਤ ‘ਚ ਇੱਕ ਰੈਸਟੋਰੈਂਟ ਅਤੇ ਕਿਰਾਏ ਦੇ ਕਮਰੇ ਬਣੇ ਹੋਏ ਹਨ, ਜਿਸ ਕਾਰਨ ਇੱਥੇ ਹਾਦਸੇ ਸਮੇਂ ਕਾਫ਼ੀ ਲੋਕ ਮੌਜੂਦ ਸਨ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੂੰ ਅੱਗ ‘ਤੇ ਕਾਬੂ ‘ਚ 2 ਘੰਟੇ ਦਾ ਸਮਾਂ ਲੱਗਾ। ਰੈਸਕਿਊ ਆਪਰੇਸ਼ਨਾਂ ਦੌਰਾਨ ਇਮਾਰਤ ਅੰਦਰੋਂ 11 ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ‘ਚ ਥਾਈਲੈਂਡ ਅਤੇ ਮਿਆਂਮਾਰ ਦੇ ਨਾਗਰਿਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਧੂੰਏਂ ਕਾਰਨ ਦਮ ਘੁਟਣ ਅਤੇ ਟੁੱਟੇ ਹੋਏ ਸ਼ੀਸ਼ਿਆਂ ਨਾਲ ਜ਼ਖ਼ਮੀ ਹੋਏ 16 ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਥਾਈਲੈਂਡ ਦੇ ਬਾਰਾਂ, ਨਾਈਟ ਕਲੱਬਾਂ ਅਤੇ ਕਮਰਸ਼ੀਅਲ ਬਿਲਡਿੰਗਾਂ ‘ਚ ਫਾਇਰ ਸੇਫਟੀ ਦੇ ਨਿਯਮਾਂ ਦੀ ਅਣਦੇਖੀ ਨੂੰ ਲੈ ਕੇ ਲੰਬੇ ਸਮੇਂ ਤੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਵੀ ਬੈਂਕਾਕ ਦੇ ਇੱਕ ਭੀੜ-ਭੜੱਕੇ ਵਾਲੇ ਬਾਰ ‘ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ‘ਚ 40 ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ 2009 ਵਿੱਚ ਸੈਂਟਿਕਾ ਕਲੱਬ ਹਾਦਸੇ ਵਿੱਚ 67 ਲੋਕ ਮਾਰੇ ਗਏ ਸਨ। ਇਸ ਤਾਜ਼ਾ ਹਾਦਸੇ ਨੇ ਇਨ੍ਹਾਂ ਚਿੰਤਾਵਾਂ ਨੂੰ ਮੁੜ ਉਜਾਗਰ ਕਰ ਦਿੱਤਾ ਹੈ।

