Inflation hits food items: Onion prices double; sugar becomes 31% costlier, and edible oils see a price hike of up to 15%
ਖਾਣ-ਪੀਣ ਦੀਆਂ ਚੀਜ਼ਾਂ ‘ਤੇ ਮਹਿੰਗਾਈ ਦੀ ਮਾਰ: ਪਿਆਜ਼ ਦੇ ਭਾਅ ਹੋਏ ਦੁੱਗਣੇ, ਚੀਨੀ 31% ਤੇ ਖਾਧ ਤੇਲ 15% ਤੱਕ ਮਹਿੰਗੇ
New Delhi, (ਆਵਾਜ਼ਿ ਕੌਮ ਬਿਊਰੋ)-ਦੇਸ਼ ਵਿੱਚ ਮਹਿੰਗਾਈ ਦਾ ਅਸਰ ਹੁਣ ਆਮ ਆਦਮੀ ਦੀ ਰਸੋਈ ‘ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਪਿਛਲੇ ਇੱਕ ਸਾਲ ਦੇ ਦੌਰਾਨ ਕਈ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਆਜ਼ ਦੇ ਭਾਅ ਲਗਭਗ ਦੁੱਗਣੇ ਹੋ ਗਏ ਹਨ, ਚੀਨੀ 31 ਫੀਸਦੀ ਮਹਿੰਗੀ ਹੋਈ ਹੈ ਅਤੇ ਪ੍ਰਮੁੱਖ ਖਾਧ ਤੇਲਾਂ ਦੀਆਂ ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਉਛਾਲ ਆਇਆ ਹੈ। ਕੇਂਦਰ ਸਰਕਾਰ ਦੇ 24 ਨਵੰਬਰ 2025 ਅਤੇ 24 ਨਵੰਬਰ 2026 ਦੇ ਅੰਕੜਿਆਂ ਮੁਤਾਬਕ, ਪਿਆਜ਼ ਦਾ ਔਸਤ ਰਿਟੇਲ ਭਾਅ 26.95 ਰੁਪਏ ਤੋਂ ਵੱਧ ਕੇ 53.38 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ, ਜਿਸ ਵਿੱਚ 98.07 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਇਸੇ ਤਰ੍ਹਾਂ ਚੀਨੀ ਦੀ ਕੀਮਤ 46.60 ਰੁਪਏ ਤੋਂ ਵੱਧ ਕੇ 61.06 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ, ਯਾਨੀ ਇਸ ਵਿੱਚ 31.03 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਚੌਲਾਂ ਦੇ ਰੇਟ 43.34 ਰੁਪਏ ਤੋਂ ਵੱਧ ਕੇ 48.25 ਰੁਪਏ ਪ੍ਰਤੀ ਕਿੱਲੋ (11.33% ਵਾਧਾ) ਹੋ ਗਏ ਹਨ, ਜਦਕਿ ਕਣਕ ਅਤੇ ਆਟੇ ਦੇ ਭਾਅ ਵਿੱਚ ਵੀ ਹਲਕਾ ਵਾਧਾ ਵੇਖਣ ਨੂੰ ਮਿਲਿਆ ਹੈ। ਕੇਂਦਰੀ ਖਾਧ ਅਤੇ ਜਨਤਕ ਵੰਡ ਵਿਭਾਗ ਦੇ ਅੰਕੜਿਆਂ ਮੁਤਾਬਕ ਖਾਧ ਤੇਲਾਂ ਦੀਆਂ ਕੀਮਤਾਂ ਵਿੱਚ ਵੀ ਜ਼ਬਰਦਸਤ ਵਾਧਾ ਹੋਇਆ ਹੈ:
- ਸਰ੍ਹੋਂ ਦਾ ਤੇਲ: ਔਸਤ ਰਿਟੇਲ ਕੀਮਤ 186.54 ਰੁਪਏ ਤੋਂ ਵੱਧ ਕੇ 215.30 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ (28.76 ਰੁਪਏ ਪ੍ਰਤੀ ਕਿੱਲੋ ਦਾ ਵਾਧਾ)। ਥੋਕ ਬਾਜ਼ਾਰ ‘ਚ ਇਹ 15.85% ਮਹਿਂਗਾ ਹੋਇਆ ਹੈ।
- ਸੋਇਆ ਤੇਲ: 146.63 ਰੁਪਏ ਤੋਂ ਵੱਧ ਕੇ 169.45 ਰੁਪਏ ਪ੍ਰਤੀ ਕਿੱਲੋ (15.56% ਵਾਧਾ) ਹੋਇਆ ਹੈ। ਥੋਕ ਬਾਜ਼ਾਰ ‘ਚ 15.95% ਦਾ ਵਾਧਾ ਦਰਜ ਕੀਤਾ ਗਿਆ।
- ਸੂਰਜਮੁਖੀ ਤੇਲ: 165.05 ਰੁਪਏ ਤੋਂ ਵੱਧ ਕੇ 190.55 ਰੁਪਏ ਪ੍ਰਤੀ ਕਿੱਲੋ ਪਹੁੰਚ ਗਿਆ ਹੈ। ਥੋਕ ਬਾਜ਼ਾਰ ‘ਚ ਇਹ 15.70% ਮਹਿੰਗਾ ਹੋਇਆ ਹੈ।
- ਮੂੰਗਫਲੀ ਅਤੇ ਪਾਮ ਤੇਲ: ਮੂੰਗਫਲੀ ਦਾ ਤੇਲ 187.78 ਰੁਪਏ ਤੋਂ ਵੱਧ ਕੇ 210.86 ਰੁਪਏ ਅਤੇ ਪਾਮ ਤੇਲ 132.97 ਰੁਪਏ ਤੋਂ ਵੱਧ ਕੇ 151.44 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਦਾਲਾਂ ਦੇ ਬਾਜ਼ਾਰ ‘ਚ ਚਣਾ ਦਾਲ 86.85 ਰੁਪਏ ਤੋਂ ਵੱਧ ਕੇ 96.13 ਰੁਪਏ ਪ੍ਰਤੀ ਕਿੱਲੋ (10% ਤੋਂ ਵੱਧ ਵਾਧਾ), ਅਰਹਰ ਦਾਲ 115 ਰੁਪਏ ਤੋਂ ਵੱਧ ਕੇ 136 ਰੁਪਏ ਪ੍ਰਤੀ ਕਿੱਲੋ (ਲਗਭਗ 18% ਵਾਧਾ) ਅਤੇ ਮਸੂਰ ਦਾਲ 15% ਤੋਂ ਵੱਧ ਮਹਿੰਗੀ ਹੋਈ ਹੈ।
ਆਲੂ ਅਤੇ ਟਮਾਟਰ ਨੇ ਦਿੱਤੀ ਕੁਝ ਰਾਹਤ
ਇਸ ਮਹਿੰਗਾਈ ਦੇ ਦੌਰ ‘ਚ ਆਲੂ ਅਤੇ ਟਮਾਟਰ ਨੇ ਖਪਤਕਾਰਾਂ ਨੂੰ ਥੋੜ੍ਹੀ ਰਾਹਤ ਦਿੱਤੀ ਹੈ। ਆਲੂ ਦੀ ਔਸਤ ਰਿਟੇਲ ਕੀਮਤ 27.07 ਰੁਪਏ ਤੋਂ ਘੱਟ ਕੇ 23.40 ਰੁਪਏ ਪ੍ਰਤੀ ਕਿੱਲੋ (13.56% ਗਿਰਾਵਟ) ਰਹਿ ਗਈ ਹੈ। ਟਮਾਟਰ ਦੇ ਦਾਮ ਵੀ 51.12 ਰੁਪਏ ਤੋਂ ਘੱਟ ਕੇ 38.55 ਰੁਪਏ ਪ੍ਰਤੀ ਕਿੱਲੋ (24.59% ਗਿਰਾਵਟ) ‘ਤੇ ਆ ਗਏ ਹਨ।
ਕੀ ਹਨ ਮਹਿੰਗਾਈ ਦੇ ਮੁੱਖ ਕਾਰਨ?
ਖਾਧ ਪਦਾਰਥਾਂ ਦੇ ਰੇਟ ਵਧਣ ਪਿੱਛੇ ਕਮਜ਼ੋਰ ਮਾਨਸੂਨ, ਫਸਲਾਂ ‘ਤੇ ਪਏ ਬੁਰੇ ਪ੍ਰਭਾਵ, ਕਿਸਾਨਾਂ ਦੀ ਵਧਦੀ ਲਾਗਤ ਅਤੇ ਪਸ਼ੂਆਂ ਦੇ ਚਾਰੇ ਦੀ ਮਹਿੰਗਾਈ ਵਰਗੇ ਕਾਰਨ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਵਿੱਚ ਉਤਾਰ-ਚੜ੍ਹਾਅ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਦਾ ਅਸਰ ਵੀ ਘਰੇਲੂ ਬਾਜ਼ਾਰ ‘ਤੇ ਪੈ ਰਿਹਾ ਹੈ। ਭਾਰਤ ਆਪਣੀ ਲੋੜ ਦਾ ਅੱਧੇ ਤੋਂ ਵੱਧ ਖਾਧ ਤੇਲ ਦਰਾਮਦ (ਇੰਪੋਰਟ) ਕਰਦਾ ਹੈ, ਜਿਸ ਕਾਰਨ ਅੰਤਰਰਾਸ਼ਟਰੀ ਕੀਮਤਾਂ ਵਧਣ ਦਾ ਸਿੱਧਾ ਅਸਰ ਦੇਸ਼ ਦੀਆਂ ਰਸੋਈਆਂ ‘ਤੇ ਪੈਂਦਾ ਹੈ।

