IRCTC money laundering case: Charges framed against 9 individuals, including Lalu, Tejashwi, and Rabri Devi
IRCTC ਮਨੀ ਲਾਂਡਰਿੰਗ ਮਾਮਲਾ; ਲਾਲੂ, ਤੇਜਸਵੀ, ਰਾਬੜੀ ਦੇਵੀ ਸਮੇਤ 9 ਖਿਲਾਫ ਦੋਸ਼ ਤੈਅ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-IRCTC ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਲਾਲੂ ਪਰਿਵਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਵੀਰਵਾਰ ਨੂੰ ਲਾਲੂ, ਤੇਜਸਵੀ, ਰਾਬੜੀ ਸਮੇਤ 9 ਲੋਕਾਂ ਖਿਲਾਫ ਇਸ ਮਾਮਲੇ ’ਚ ਦੋਸ਼ ਤੈਅ ਕਰ ਦਿੱਤੇ ਹਨ। ਕੋਰਟ ਨੇ 7 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਮਾਮਲੇ ’ਚ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ। ਕੋਰਟ ਨੇ ਕਿਹਾ, ‘‘ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ’ਤੇ ਅਪਰਾਧ ਤੋਂ ਆਮਦਨ ਅਤੇ ਅਹੁਦੇ ਦੀ ਗਲਤ ਵਰਤੋਂ ਦਾ ਮਜ਼ਬੂਤ ਸ਼ੱਕ ਹੈ। ਦੋਵੇਂ ਪਟਨਾ ਦੀ ਉਸ ਜ਼ਮੀਨ ਦਾ ਫਾਇਦਾ ਉਠਾ ਰਹੇ ਹਨ, ਜਿਸ ਨੂੰ ਕਥਿਤ ਤੌਰ ’ਤੇ 2005 ਤੋਂ 2014 ਦੌਰਾਨ ਲਾਲੂ ਯਾਦਵ ਦੇ ਕਹਿਣ ’ਤੇ ਉਨ੍ਹਾਂ ਦੇ ਹੱਕ ’ਚ ਤਬਦੀਲ ਕੀਤਾ ਗਿਆ ਸੀ।’’ਦੱਸ ਦੇਈਏ ਕਿ ਲਾਲੂ ਪਰਿਵਾਰ ਨੇ ਹੇਠਲੀ ਅਦਾਲਤ ਦੇ ਅਕਤੂਬਰ 2025 ਦੇ ਉਸ ਹੁਕਮ ਨੂੰ ਦਿੱਲੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ’ਚ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕੀਤੇ ਗਏ ਸਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲਾਲੂ ਪ੍ਰਸਾਦ ਯਾਦਵ ਪਰਿਵਾਰ ਸਮੇਤ ਹੋਰ ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਮਾਮਲਾ ਉਸ ਸਮੇਂ ਦਾ ਹੈ ਜਦੋਂ ਲਾਲੂ ਪ੍ਰਸਾਦ ਯਾਦਵ ਕੇਂਦਰ ਸਰਕਾਰ ’ਚ ਰੇਲ ਮੰਤਰੀ ਸਨ। ਦੋਸ਼ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਆਈ. ਆਰ. ਸੀ. ਟੀ. ਸੀ. ਤਹਿਤ ਆਉਣ ਵਾਲੇ ਰਾਂਚੀ ਅਤੇ ਪੁਰੀ ਸਥਿਤ 2 ਹੋਟਲਾਂ ਦੇ ਟੈਂਡਰਾਂ ’ਚ ਬੇਨਿਯਮੀਆਂ ਕੀਤੀਆਂ ਗਈਆਂ। ਜਾਂਚ ਏਜੰਸੀਆਂ ਅਨੁਸਾਰ, ਇਨ੍ਹਾਂ ਹੋਟਲਾਂ ਅਤੇ ਉਨ੍ਹਾਂ ਨਾਲ ਜੁੜੀਆਂ ਜ਼ਮੀਨਾਂ ਨੂੰ ਨਿੱਜੀ ਕੰਪਨੀਆਂ ਨੂੰ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਪੱਟੇ ’ਤੇ ਦਿੱਤਾ ਗਿਆ। ਇਸ ਪ੍ਰਕਿਰਿਆ ’ਚ ਪਾਰਦਰਸ਼ਤਾ ਦੀ ਘਾਟ ਸੀ ਅਤੇ ਇਸ ਨਾਲ ਕੁਝ ਨਿੱਜੀ ਕੰਪਨੀਆਂ ਨੂੰ ਅਣਉਚਿਤ ਲਾਭ ਪਹੁੰਚਾਇਆ ਗਿਆ।

