Jagtar Singh Hawara Seeks 4-Week Parole to Meet Ailing Mother
ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਿਮਾਰ ਮਾਤਾ ਨੂੰ ਮਿਲਣ ਲਈ 4 ਹਫ਼ਤਿਆਂ ਦੀ ਪੈਰੋਲ ਦੀ ਮੰਗ

12 ਮਈ 2026, ਚੰਡੀਗੜ੍ਹ – 28 ਸਾਲ 9 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੀ ਬਿਮਾਰ ਮਾਤਾ ਨੂੰ ਆਖਰੀ ਵਾਰ ਮਿਲਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚਾਰ ਹਫ਼ਤਿਆਂ ਦੀ ਪੈਰੋਲ ਦੀ ਅਰਜ਼ੀ ਦਾਇਰ ਕੀਤੀ ਹੈ। ਇਹ ਉਨ੍ਹਾਂ ਵੱਲੋਂ ਲਗਭਗ 29 ਸਾਲਾਂ ਵਿਚ ਪਹਿਲੀ ਵਾਰ ਪੈਰੋਲ ਦੀ ਮੰਗ ਹੈ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇੱਕ ਪਾਸੇ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਨਿਯਮਿਤ ਪੈਰੋਲ ਅਤੇ ਸਮੇਂ ਤੋਂ ਪਹਿਲਾਂ ਰਿਹਾਈ ਮਿਲ ਰਹੀ ਹੈ, ਦੂਜੇ ਪਾਸੇ ਸਿੱਖ ਬੰਦੀਆਂ ਨਾਲ ਇੱਕੋ ਕਾਨੂੰਨ ਵੀ ਲਾਗੂ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ, “ਗ੍ਰਹਿ ਮੰਤਰਾਲੇ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਕੇ ਤੁਰੰਤ ਰਿਹਾਅ ਕਰਨ ਬਾਰੇ ਜਲਦ ਫੈਸਲਾ ਲੈਣਾ ਚਾਹੀਦਾ ਹੈ।”
ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨੋਂ ਸਰਕਾਰਾਂ (ਕੇਂਦਰ, ਦਿੱਲੀ ਅਤੇ ਪੰਜਾਬ) ਤੋਂ ਮਨੁੱਖਤਾ ਦੇ ਆਧਾਰ ਤੇ ਭਾਈ ਹਵਾਰਾ ਨੂੰ ਪੈਰੋਲ ਦੇਣ ਦੀ ਅਪੀਲ ਕੀਤੀ ਹੈ।
