Jaito Morcha – Pinnacle of Sikh Resolve and Victory Over British Oppression

Jaito Morcha – Pinnacle of Sikh Resolve

ਜੈਤੋ ਦਾ ਮੋਰਚਾ – ਸਿੱਖੀ ਸਿਰੜ ਦਾ ਸਿਖਰ ਅਤੇ ਅੰਗਰੇਜ਼ ਹਕੂਮਤ ਨੂੰ ਝੁਕਾਉਣ ਵਾਲੀ ਜੰਗ

ਅੰਗਰੇਜ਼ ਹਕੂਮਤ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ (ਜੈਤੋ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰਨ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੈਤੋ ਵੱਲ ਜਥੇ ਰਵਾਨਾ ਕੀਤੇ। ਸ਼ੁਰੂ ਵਿੱਚ 25-25 ਸਿੰਘਾਂ ਦੇ ਜਥੇ ਭੇਜੇ ਗਏ ਪਰ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦੂਰ-ਦੁਰੇੜੇ ਛੱਡ ਦਿੱਤਾ। ਇਸ ਉਪਰੰਤ ਸ਼੍ਰੋਮਣੀ ਕਮੇਟੀ ਨੇ ਸ਼ਹੀਦੀ ਜਥੇ ਰਵਾਨਾ ਕਰਨ ਦਾ ਫ਼ੈਸਲਾ ਲਿਆ।

9 ਫ਼ਰਵਰੀ 1924 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸਾ ਸੋਧ ਕੇ ਪਹਿਲਾ ਸ਼ਹੀਦੀ ਜਥਾ ਜਥੇਦਾਰ ਊਧਮ ਸਿੰਘ ਵਰਪਾਲ ਦੀ ਅਗਵਾਈ ਹੇਠ ਜੈਤੋ ਵੱਲ ਰਵਾਨਾ ਹੋਇਆ। ਇਹ ਜਥਾ ਰਸਤੇ ਦੇ ਪੜਾਅ ਕਰਦਾ ਹੋਇਆ 21 ਫ਼ਰਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਪਹੁੰਚਿਆ ਜਿੱਥੇ ਅੰਗਰੇਜ਼ ਹਕੂਮਤ ਨੇ ਨਿਹੱਥੇ ਸਿੰਘਾਂ ‘ਤੇ 6 ਮਿੰਟ ਦੇ ਕਰੀਬ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਲਗਪਗ 150 ਸਿੱਖ ਸ਼ਹੀਦ ਹੋਏ ਅਤੇ 300 ਤੋਂ ਵੱਧ ਗੰਭੀਰ ਜ਼ਖ਼ਮੀ ਹੋਏ।

ਸਾਲ ਤੋਂ ਵੱਧ ਸਮਾਂ ਇਹ ਜਥੇ ਜੈਤੋ ਵੱਲ ਲਗਾਤਾਰ ਰਵਾਨਾ ਹੁੰਦੇ ਰਹੇ ਅਤੇ ਅੰਗਰੇਜ਼ ਹਕੂਮਤ ਨੂੰ ਸਿੰਘਾਂ ਦੇ ਸਿਰੜ ਅਤੇ ਅਟੱਲ ਇਰਾਦੇ ਅੱਗੇ ਝੁਕਣਾ ਪਿਆ। ਜੈਤੋ ਦਾ ਮੋਰਚਾ ਫ਼ਤਿਹ ਹੋਇਆ ਅਤੇ ਇਹ ਸਿੱਖ ਇਤਿਹਾਸ ਵਿੱਚ ਸਿੱਖੀ ਸਿਰੜ ਅਤੇ ਕੁਰਬਾਨੀ ਦਾ ਸਿਖਰ ਮੰਨਿਆ ਜਾਂਦਾ ਹੈ।