J&K issue echoes in British Parliament: MP tables motion regarding India’s sovereignty
ਬ੍ਰਿਟਿਸ਼ ਸੰਸਦ ‘ਚ ਗੂੰਜਿਆ J&K ਦਾ ਮੁੱਦਾ: MP ਨੇ ਭਾਰਤ ਦੀ ਪ੍ਰਭੂਸੱਤਾ ‘ਤੇ ਪੇਸ਼ ਕੀਤਾ ਮਤਾ
ਲੰਡਨ (ਆਵਾਜ਼ਿ ਕੌਮ ਬਿਊਰੋ)-ਬ੍ਰਿਟੇਨ ਦੇ ਇਕ ਸੰਸਦ ਮੈਂਬਰ ਨੇ ਜੰਮੂ-ਕਸ਼ਮੀਰ ‘ਤੇ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਪੁਸ਼ਟੀ ਲਈ ਸੰਸਦ ‘ਚ ਇਕ ਮਤਾ ਪੇਸ਼ ਕੀਤਾ ਹੈ। ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਪਿਛਲੇ ਹਫ਼ਤੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ‘ਚ ‘ਅਰਲੀ ਡੇ ਮੋਸ਼ਨ’ (EDM) ਪੇਸ਼ ਕੀਤਾ, ਜਿਸ ਦਾ ਉਦੇਸ਼ 26 ਅਕਤੂਬਰ ਨੂੰ ਮਨਾਏ ਜਾਣ ਵਾਲੇ “ਜੰਮੂ ਅਤੇ ਕਸ਼ਮੀਰ ਐਕਸੈਸ਼ਨ (ਰਲੇਵਾਂ) ਡੇ” ਨੂੰ ਚਿੰਨ੍ਹਿਤ ਕਰਨਾ ਸੀ। ਈਡੀਐੱਮ ਦਾ ਇਸਤੇਮਾਲ ਬ੍ਰਿਟਿਸ਼ ਸੰਸਦ ਮੈਂਬਰ ਸੰਸਦ ਦਾ ਧਿਆਨ ਕਿਸੇ ਖਾਸ ਮੁੱਦੇ ਵੱਲ ਆਕਰਸ਼ਿਤ ਕਰਨ ਲਈ ਕਰਦੇ ਹਨ। ਬਲੈਕਮੈਨ ਦੇ ਈਡੀਐੱਮ ‘ਤੇ ਵੱਖ-ਵੱਖ ਪਾਰਟੀਆਂ ਦੇ ਤਿੰਨ ਹੋਰ ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਹਨ। ਈਡੀਐੱਮ ‘ਚ ਲਿਖਿਆ ਹੈ,”ਇਹ ਸਦਨ ਇਸ ਗੱਲ ‘ਤੇ ਧਿਆਨ ਦਿੰਦਾ ਹੈ ਕਿ ਜੰਮੂ-ਕਸ਼ਮੀਰ ਮੂਲ ਦੇ ਬ੍ਰਿਟਿਸ਼ ਨਿਵਾਸੀ 26 ਅਕਤੂਬਰ ਨੂੰ “ਜੰਮੂ ਅਤੇ ਕਸ਼ਮੀਰ ਐਕਸੈਸ਼ਨ ਡੇ” ਮਨਾਉਂਦੇ ਆ ਰਹੇ ਹਨ।” ਇਸ ‘ਚ ਜ਼ਿਕਰ ਕੀਤਾ ਗਿਆ ਹੈ ਕਿ ਮਹਾਰਾਜਾ ਹਰੀ ਸਿੰਘ ਨੇ 26 ਅਕਤੂਬਰ 1947 ਨੂੰ ਐਕਸੈਸ਼ਨ (ਰਲੇਵੇਂ) ਪੱਤਰ ‘ਤੇ ਦਸਤਖ਼ਤ ਕੀਤੇ ਸਨ। ਇਸ ‘ਚ ਕਿਹਾ ਗਿਆ ਹੈ,”(ਇਹ) ਜੰਮੂ ਅਤੇ ਕਸ਼ਮੀਰ ਰਾਜ ‘ਤੇ ਭਾਰਤ ਗਣਰਾਜ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਮੁੜ ਪੁਸ਼ਟੀ ਕਰਦਾ ਹੈ ਅਤੇ ਬ੍ਰਿਟੇਨ ਤੇ ਭਾਰਤੀ ਗਣਰਾਜ ਵਿਚਾਲੇ ਮਜ਼ਬੂਤ ਅਤੇ ਰਚਨਾਤਮਕ ਦੋ-ਪੱਖੀ ਸੰਬੰਧਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।” ਇਹ ਮਤੇ ‘ਚ ਜੰਮੂ ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ‘ਚ ਮਾਰੇ ਗਏ ਅਤੇ ਜ਼ਖਮੀ ਹੋਏ ਸਾਰੇ ਨਾਗਰਿਕਾਂ ਦੇ ਪ੍ਰਤੀ ਹਮਦਰਦੀ ਜਤਾਈ ਗਈ ਹੈ, ਜਿਨ੍ਹਾਂ ‘ਚ ‘ਪਾਕਿਸਤਾਨ ਦੇ ਕਬਜ਼ੇ ਵਾਲੇ ਖੇਤਰਾਂ’ ਦੇ ਨਾਗਰਿਕ ਵੀ ਸ਼ਾਮਲ ਹਨ। ਇਸ ‘ਚ ਜੰਮੂ ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ਦੇ ਲਗਾਤਾਰ ਜਾਰੀ ਅਸਰ ‘ਤੇ ਵੀ ਚਿੰਤਾ ਜਤਾਈ ਗਈ ਹੈ, ਜਿਸ ਕਾਰਨ ਆਮ ਨਾਗਰਿਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਜਾਨ ਗਈ ਹੈ। ਈਡੀਐੱਮ ‘ਚ ਕਿਹਾ ਗਿਆ ਹੈ,”(ਇਸ ‘ਚ) ਕਸ਼ਮੀਰੀ ਪੰਡਿਤਾਂ ਦੇ ਲਗਾਤਾਰ ਹੋ ਰਹੇ ਟਾਰਗੇਟ ਕਤਲਾਂ ‘ਤੇ ਦੁੱਖ ਜਤਾਇਆ ਗਿਆ ਹੈ, ਜੋ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ‘ਚ ਅੱਤਵਾਦੀ ਘਟਨਾਵਾਂ ਅਤੇ ਡਰਾਉਣ-ਧਮਕਾਉਣ ਦੀਆਂ ਕਾਰਵਾਈਆਂ ਦੇ ਪ੍ਰਤੀ ਅਸੁਰੱਖਿਅਤ ਬਣੇ ਹੋਏ ਹਨ, ਨਾਲ ਹੀ, ਇਸ ਤਰੀਕ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਹੈ-ਉਨ੍ਹਾਂ ਭਾਈਚਾਰਿਆਂ ਲਈ ਜੋ ਇਸ ਭਾਰਤੀ ਸੰਘ ‘ਚ ਜੰਮੂ ਕਸ਼ਮੀਰ ਦੇ ਸੰਵਿਧਾਨਕ ਰਲੇਵੇਂ ਵਜੋਂ ਦੇਖਦੇ ਹਨ।” ਈਡੀਐੱਮ ‘ਤੇ ਦਸਤਖ਼ਤ ਕਰਨ ਵਾਲੇ ਡੈਮੋਕ੍ਰਟਿਕ ਯੂਨੀਅਨਿਸਟ ਪਾਰਟੀ (ਡੀਯੂਪੀ) ਦੇ ਸੰਸਦ ਮੈੰਬਰ ਜਿਮ ਸ਼ੈਨਨ, ਲੇਬਰ ਪਾਰਟੀ ਦੀ ਗਿਲ ਫਰਨਿਸ ਅਤੇ ਲਿਬਰਨ ਡੈਮੋਕ੍ਰੇਟਿਕ ਸੰਸਦ ਮੈਂਬਰ ਲਿਊਕ ਟੇਲਰ ਸ਼ਾਮਲ ਹਨ।

