ਖਾਲਿਸਤਾਨ ਜਲਾਵਤਨ ਸਰਕਾਰ ਵੱਲੋਂ ਭਾਈ ਮਹਿਲ ਸਿੰਘ ਬੱਬਰ ਦੇ ਸਦੀਵੀ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ 26 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿ ਰਹੇ ਸਾਬਕਾ ਹਵਾਈ ਸੈਨਾ ਅਧਿਕਾਰੀ ਅਤੇ ਭਾਈ ਮਹਿਲ ਸਿੰਘ ਬੱਬਰ ਉਰਫ਼ ਬਾਵਾ ਭੱਟੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਕਿਡਨੀਆਂ ਦੀ ਖ਼ਰਾਬੀ ਦੇ ਕਾਰਨ ਲੰਮੇ ਸਮੇਂ ਤੋਂ ਉਨ੍ਹਾਂ ਦਾ ਲਾਹੌਰ ਦੇ ਇਕ ਨਿੱਜੀ ਹਸਪਤਾਲ ਤੋਂ ਡਾਕਟਰੀ ਇਲਾਜ ਚੱਲ ਰਿਹਾ ਸੀ। ਜਿੱਥੇ ਉਨ੍ਹਾਂ ਆਪਣਾ ਆਖ਼ਰੀ ਸਾਹ ਲਿਆ। ਲਾਹੌਰ ‘ਚ ਰਹਿਣ ਤੋਂ ਬਾਅਦ ਬਾਵਾ ਭੱਟੀ ਪਿਛਲੇ ਕਾਫ਼ੀ ਸਮੇਂ ਤੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿ ਰਹੇ ਸਨ । ਜੁਝਾਰੂ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਡਿਪਟੀ ਚੀਫ਼ ਭਾਈ ਮਹਿਲ ਸਿੰਘ ਸਨ । ਉਹ 1993 ਵਿੱਚ ਪਾਕਿਸਤਾਨ ਚਲੇ ਗਏ ਸਨ। ਖਾਲਿਸਤਾਨ ਜਲਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਸ: ਗੁਰਮੇਜ ਸਿੰਘ ਗਿੱਲ, ਉਹਨਾਂ ਦੇ ਸਹਿਯੋਗੀ ਸਾਥੀਆਂ, ਜਥੇਦਾਰ ਬਲਬੀਰ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਸੁਬੇਗ ਸਿੰਘ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਉਹਨਾਂ ਦੇ ਪਰਿਵਾਰ ਅਤੇ ਸਿੱਖ ਸੰਗਤ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਹਨਾਂ ਕਿਹਾ ਕਿ ਭਾਈ ਮਹਿਲ ਸਿੰਘ ਬੱਬਰ ਅਤੇ ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਚੋਟੀ ’ਤੇ ਪਹੁੰਚਾਉਣ ਲਈ ਬਹੁਤ ਵੱਡੀ ਕੁਰਬਾਨੀ ਕੀਤੀ। ਉਹਨਾਂ ਦਾ ਨਾਂ ਖਾਲਿਸਤਾਨ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਜੁਝਾਰੂਆਂ ਵਜੋਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਜਲਾਵਤਨ ਸਰਕਾਰ ਦੇ ਆਗੂਆਂ ਨੇ ਸਮੂਹ ਪੰਥ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਜੀਵਨ ਅਤੇ ਸੰਘਰਸ਼ ਪ੍ਰਤੀ ਨਿਭਾਈ ਭੂਮਿਕਾ ਤੋਂ ਅੱਜ ਪੰਥ ਦੇ ਨੌਜਵਾਨਾਂ ਨੂੰ ਸੇਧ ਲੈ ਕੇ ਅੱਗੇ ਵਧਣ ਦੀ ਲੋੜ ਹੈ।