Kotkapura: 23rd Nagar Kirtan Dedicated to 350th Shaheedi of Guru Tegh Bahadur Ji – Grand Procession from Hari Nau to Phide Kalan Under Giani Jasvir Singh Rode

ਕੋਟਕਪੂਰਾ: ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 23ਵਾਂ ਨਗਰ ਕੀਰਤਨ ਸਜਿਆ – ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਕਿਹਾ: “ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ਚੜ੍ਹਦੀ ਕਲਾ ਵਿੱਚ ਰਹੋ”

26 ਨਵੰਬਰ 2025, ਕੋਟਕਪੂਰਾ (ਫ਼ਰੀਦਕੋਟ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23ਵਾਂ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਿੰਡ ਹਰੀ ਨੇ ਨੇੜੇ ਕੋਟਕਪੂਰਾ, ਫਰੀਦਕੋਟ ਤੋਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਦੇ ਪ੍ਰਬੰਧਾਂ ਹੇਠ ਨਗਰ ਕੀਰਤਨ ਆਰੰਭ ਹੋ ਕੇ ਪਿੰਡ ਹਰੀ ਨੇਂ ਤੋਂ ਪਿੰਡ ਮੌੜ, ਕਾਰਾ, ਵਾੜਾ ਦਰਾਕਾ, ਵਾਦਰ ਜਟਾਣਾ, ਚੱਕ ਕਲਿਆਣ, ਫਿੱਡੇ ਖੁਰਦ ਰਾਹੀਂ ਹੁੰਦਾ ਹੋਇਆ ਪਿੰਡ ਫਿੱਡੇ ਕਲਾਂ ਵਿਖੇ ਸਮਾਪਤ ਹੋਇਆ ਤੇ ਇਸ ਮੌਕੇ ਸਮਾਪਤੀ ਦੀ
ਅਰਦਾਸ ਹੋਈ। ਸਾਰੇ ਪਿੰਡਾਂ ਵਿਚ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਣ ਲਈ ਮਿਲਿਆ। ਵੱਖ-ਵੱਖ ਪਿੰਡਾਂ ਵਿੱਚ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਗੁਰੂ ਸਾਹਿਬ ਨੂੰ ਰੁਮਾਲੇ ਅਰਪਣ ਕੀਤੇ, ਪੰਜਾਂ
ਪਿਆਰਿਆਂ ਨੂੰ ਸਿਰੋਪਾਓ ਬਖਸ਼ਿਸ ਕੀਤੇ ਅਤੇ ਸੰਗਤਾਂ ਵਾਸਤੇ ਗੁਰੂ ਕੇ ਲੰਗਰ, ਚਾਹ ਪਕੌੜੇ ਤੇ ਫਰੂਟ ਆਦਿ ਵਰਤਾਏ। ਹਰ ਪਿੰਡ ਵਿਚ ਅੱਧੇ ਘੰਟੇ ਦੀ ਸਟੇਜ ਲਗਾ ਕੇ ਸਿੰਘ ਸਾਹਿਬ ਜੀ ਨੇ ਸੰਗਤਾਂ ਨੂੰ ਸ਼ਹੀਦੀ ਇਤਿਹਾਸ ਸਰਵਣ ਕਰਵਾਇਆ। ਸਿੰਘ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਅਨਿਨ ਸੇਵਕਾਂ ਦੀਆਂ ਕੁਰਬਾਨੀਆਂ ਨੂੰ ਸਮਰਪਤ ਸਜਾਈ ਜਾ ਰਹੀ 40 ਨਗਰ ਕੀਰਤਨਾਂ ਦੀ ਲੜੀ ਪੰਜਾਬ ਵਾਸੀਆਂ ਨੂੰ ਕਮਜੋਰੀਆਂ ਤੋਂ ਦੂਰ ਕਰਨ ਤੇ ਗੁਰਬਾਨੀ ਦੇ ਲੜ ਲੱਗ ਕੇ ਜੀਵਨ ਬਿਤਾਉਣ ਪ੍ਰਤੀ ਉਤਸ਼ਾਹਤ ਕਰਨ ਲਈ ਸਜਾਈ ਜਾ ਰਹੀ ਹੈ। ਸਿੰਘ ਸਾਹਿਬ ਨੇ ਦਸਿਆ ਕਿ ਕਿਵੇਂ ਕਸ਼ਮੀਰੀ ਪੰਡਤ ਆਪਣੇ ਧਰਮ ਨੂੰ ਬਚਾਉਣ ਦੀ ਅਰਜੋਈ ਲੈ ਕੇ ਗੁਰੂ ਸਾਹਿਬ ਪਾਸ ਆਏ ਅਤੇ ਗੁਰੂ ਸਾਹਿਬ ਤੇ ਉਨ੍ਹਾਂ ਦੇ ਅਨਿਨ ਸੇਵਕਾਂ ਨੇ ਕੁਰਬਾਨੀਆਂ ਦੇ ਕੇ ਉਨ੍ਹਾਂ ਦੇ ਧਰਮ ਦੀ ਰੱਖਿਆ ਕੀਤੀ ਪਰ ਅੱਜ ਉਨ੍ਹਾਂ ਦੇ ਵਾਰਸ ਹਿੰਦੂ ਹੁਕਮਰਾਨ ਹੋ ਚੁਕੇ ਹਨ ਤੇ ਬੰਦੀ ਸਿੰਘਾਂ ਨੂੰ ਇੱਕ ਘੰਟੇ ਦੀ ਵੀ ਪੇਰੋਲ ਨਹੀਂ ਦਿਤੀ ਜਾ ਰਹੀ। ਸਿੰਘ ਸਾਹਿਬ ਨੇ ਕਿਹਾ ਕਿ ਸਾਨੂੰ ਸ਼ਕਤੀ ਦੇ ਸੋਮੇ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰੋਫੈਸਰ ਜਸਪਾਲ ਸਿੰਘ ਕੋਟਕਪੂਰਾ, ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੋਆਬਾ, ਬਾਬਾ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ, ਜਥੇਦਾਰ ਬੂਟਾ ਸਿੰਘ, ਬਾਬਾ ਪਾਲ ਸਿੰਘ ਹਰੀ ਨੰ, ਜਥੇਦਾਰ ਜਗਜੀਤ ਸਿੰਘ ਗੋਤਕਾ ਮਾਸਟਰ, ਬਾਬਾ ਬਿਧੀ ਚੰਦ ਗੋਤਕਾ ਅਖਾੜਾ, ਭਾਈ ਲਵਦੀਪ ਸਿੰਘ, ਭਾਈ ਸੁਖਮਨ ਸਿੰਘ, ਬਾਬਾ ਸੁਰਜੀਤ ਸਿੰਘ ਲਧਾਈਕੇ (ਦੇ ਸਿੰਘ), ਬਾਬਾ ਸੁਖਦੇਵ ਸਿੰਘ, ਬਾਬਾ ਲੱਖਾ ਸਿੰਘ ਔਲਖਾਂ ਵਾਲੇ, ਭਾਈ ਗੁਰਮੀਤ ਸਿੰਘ ਰੋਡੇ, ਭਾਈ ਲਾਭ ਸਿੰਘ ਆਦਿ ਵੱਡੀ ਗਿਣਤੀ ਵਿੱਚ ਸਖਸ਼ੀਅਤਾਂ ਹਾਜ਼ਰ ਸਨ।