Large consignment of drugs seized at the Punjab border; BSF recovers heroin worth Rs 2.5 crore
ਪੰਜਾਬ ਦੀ ਸਰਹੱਦ ‘ਤੇ ਨਸ਼ੇ ਦੀ ਵੱਡੀ ਖ਼ੇਪ ਬਰਾਮਦ, BSF ਨੂੰ ਮਿਲੀ ਢਾਈ ਕਰੋੜ ਰੁਪਏ ਦੀ ਹੈਰੋਇਨ
ਝਬਾਲ/ ਸਰਾਏ ਅਮਾਨਤ ਖਾਂ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਵੱਲੋਂ ਬਾਰਡਰ ਪਾਰ ਤੋਂ ਡਰੋਨਾਂ ਰਾਹੀਂ ਭਾਰਤੀ ਖੇਤਰ ‘ਚ ਨਸ਼ਾ ਅਤੇ ਹੋਰ ਸਮਾਨ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਬੀਤੀ ਰਾਤ ਪਾਕਿਸਤਾਨ ਵੱਲੋਂ ਬਾਰਡਰ ਪਾਰ ਤੋਂ ਡਰੋਨ ਰਾਹੀਂ ਭੇਜੀ ਹੈਰੋਇਨ ਦੀ ਖ਼ੇਪ ਬੀ. ਐੱਸ. ਐੱਫ. ਵੱਲੋਂ ਸਰਹੱਦੀ ਪਿੰਡ ਚੀਮਾ ਦੇ ਖੇਤਰ ਵਿੱਚੋਂ ਇਕ ਮੋਬਾਇਲ ਸਮੇਤ ਫੜ੍ਹਨ ‘ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 115 ਬਟਾਲੀਅਨ ਬੀ. ਐੱਸ. ਐੱਫ. ਬੀ. ਓ. ਪੀ. ਨੌਸ਼ਿਹਰਾ ਢਾਲਾ ਦੇ ਜਵਾਨ ਨੂੰ ਸਰਹੱਦੀ ਇਲਾਕੇ ‘ਚ ਗਸ਼ਤ ਦੌਰਾਨ ਸਰਹੱਦੀ ਪਿੰਡ ਚੀਮਾ ਦੇ ਖੇਤਾਂ ਵਿੱਚੋਂ ਪਾਕਿਸਤਾਨ ਬਾਰਡਰ ਪਾਰ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ ਮਿਲੀ, ਜਿਸ ਦਾ ਵਜ਼ਨ 508 ਗ੍ਰਾਮ ਸੀ। ਇਸ ਦੀ ਕੀਮਤ ਲਗਭਗ ਢਾਈ ਕਰੋੜ ਮੁੱਲ ਦੀ ਹੈ ਅਤੇ ਇਸ ਦੇ ਨਾਲ ਹੀ ਇਕ ਵਿਦੇਸ਼ੀ ਮੋਬਾਇਲ ਮਿਲਿਆ, ਜਿਸ ਨੂੰ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਮੌਕੇ ‘ਤੇ ਸਰਾਏ ਅਮਾਨਤ ਖਾਂ ਦੀ ਪੁਲਸ ਨੂੰ ਸੌਂਪ ਦਿੱਤਾ ਹੈ। ਇਸ ‘ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਕੇਸ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਝਬਾਲ ਦੀ ਪੁਲਸ ਨੇ ਝਬਾਲ ਖੇਡ ਸਟੇਡੀਅਮ ‘ਚ ਹਰਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਤਾਜ਼ੇਚੱਕ ਨੂੰ ਮੌਕੇ ‘ਤੇ ਵਰਜਿਤ ਨਸ਼ੇ ਦਾ ਸੇਵਨ ਕਰਦਿਆਂ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਝਬਾਲ ਵਿਖੇ ਕੇਸ ਦਰਜ ਕੀਤਾ ਹੈ।

