Major accident in Mohali due to dense fog: Two school buses collide on the Kharar–Kurali highway, several children and drivers injured.
ਮੋਹਾਲੀ ਵਿੱਚ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ: ਖਰੜ–ਕੁਰਾਲੀ ਹਾਈਵੇਅ ‘ਤੇ ਦੋ ਸਕੂਲ ਬੱਸਾਂ ਦੀ ਟੱਕਰ, ਕਈ ਬੱਚੇ ਤੇ ਡਰਾਈਵਰ ਜ਼ਖ਼ਮੀ

18 ਦਸੰਬਰ 2025, ਮੋਹਾਲੀ – ਪੰਜਾਬ ਵਿੱਚ ਪੈ ਰਹੀ ਸੰਘਣੀ ਧੁੰਦ ਨੇ ਵੀਰਵਾਰ ਸਵੇਰੇ ਮੋਹਾਲੀ ਵਿੱਚ ਇੱਕ ਭਿਆਨਕ ਸੜਕ ਹਾਦਸਾ ਕਰਵਾ ਦਿੱਤਾ। ਖਰੜ–ਕੁਰਾਲੀ ਹਾਈਵੇਅ ’ਤੇ ਜਮੁਨਾ ਅਪਾਰਟਮੈਂਟ ਦੇ ਸਾਹਮਣੇ ਸਰਵਿਸ ਰੋਡ ’ਤੇ ਦੋ ਸਕੂਲ ਬੱਸਾਂ ਆਪਸ ਵਿੱਚ ਟਕਰਾ ਗਈਆਂ, ਜਿਸ ਨਾਲ ਕਈ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਦਿੱਲੀ ਪਬਲਿਕ ਸਕੂਲ ਅਤੇ ਸੇਂਟ ਐਜ਼ਰਾ ਸਕੂਲ, ਖਰੜ ਦੀਆਂ ਬੱਸਾਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਬੱਸਾਂ ਦੇ ਅੱਗੇਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੀ ਗਏ। ਹਾਦਸੇ ਦੌਰਾਨ ਬੱਸਾਂ ਵਿੱਚ ਸਵਾਰ ਕਈ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ, ਜਦਕਿ ਦੋਵੇਂ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ ਸਮੇਂ ਇਲਾਕੇ ਵਿੱਚ ਧੁੰਦ ਬਹੁਤ ਘਣੀ ਸੀ, ਜਿਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ। ਦੱਸਿਆ ਜਾ ਰਿਹਾ ਹੈ ਕਿ ਇੱਕ ਬੱਸ ਕੁਰਾਲੀ ਵੱਲੋਂ ਆ ਰਹੀ ਸੀ, ਜਦਕਿ ਦੂਜੀ ਬੱਸ ਗਲਤ ਪਾਸੇ ਤੋਂ ਕੁਰਾਲੀ ਵੱਲ ਜਾ ਰਹੀ ਸੀ। ਸੰਘਣੀ ਧੁੰਦ ਕਾਰਨ ਡਰਾਈਵਰਾਂ ਨੂੰ ਸਾਹਮਣੇ ਤੋਂ ਆ ਰਹੀ ਬੱਸ ਦਿੱਖਾਈ ਨਾ ਦਿੱਤੀ ਅਤੇ ਦੋਵੇਂ ਬੱਸਾਂ ਸਿੱਧੀ ਟੱਕਰ ਵਿੱਚ ਆ ਗਈਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ। ਜ਼ਖ਼ਮੀ ਬੱਚਿਆਂ ਅਤੇ ਡਰਾਈਵਰਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਜ਼ਿਆਦਾਤਰ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਡਰਾਈਵਰਾਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
