We should read Gurbani daily and pray to Guru Maharaj for the blessing of true GurSikhi, says Singh Sahib Giani Jasvir Singh Rode.
ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 32ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ

18 ਦਸੰਬਰ 2025, ਸ੍ਰੀ ਮੁਕਤਸਰ ਸਾਹਿਬ –ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਦਿੱਲੀ ਵਿਖੇ ਸਮੇਂ ਦੀ ਮੁਗਲ ਹਕੂਮਤ ਵੱਲੋਂ ਕੀਤੀ ਗਈ ਸ਼ਹੀਦੀ ਦੀ 350ਵੀਂ ਪਵਿੱਤਰ ਇਤਿਹਾਸਕ ਯਾਦ ਮਨਾਉਣ ਸਬੰਧੀ ਅੱਜ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਦੇ ਪਿੰਡਾਂ ਵਿੱਚ 32ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਜ਼ਿਕਰਯੋਗ ਹੈ ਕਿ ਉਪ੍ਰੋਕਤ ਅਮਰ ਸ਼ਹੀਦਾਂ ਦੇ 350ਵੇਂ ਮਹਾਨ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਰੋਡੇ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਵੀ ਹਨ, ਦੀ ਸੁਯੋਗ ਅਗਵਾਈ ਹੇਠ ਗੁਰਬਾਣੀ ਦੇ ਪ੍ਰਚਾਰ ਤੇ ਪਸਾਰ ਲਈ ਪੰਜਾਬ ਭਰ ਵਿੱਚ 40 ਨਗਰ ਕੀਰਤਨ ਸਜਾਏ ਜਾ ਰਹੇ ਹਨ ਅਤੇ ਇਸ ਲੜੀ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ 31 ਨਗਰ ਕੀਰਤਨ ਸਜਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਵਾ ਕੇ ਗੁਰਬਾਣੀ ਨਾਲ ਸਾਂਝ ਪਾਈ।

ਇਸੇ ਤਰ੍ਹਾਂ ਨਗਰ ਕੀਰਤਨ ਸਾਹਿਬਾਨ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਸਾਹਿਬ ਗੂੜੀ ਸੰਗੜ ਤੋਂ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਹ ਨਗਰ ਕੀਰਤਨ ਵੱਖ-ਵੱਖ ਪਿੰਡਾਂ ਮੱਲ੍ਹਣ, ਧੂੜਕੋਟ, ਕੌਣੀ, ਦੋਦਾ, ਸੁਖਣਾ, ਛੱਤੇਆਣਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਅਰਦਾਸ ਕਰਕੇ ਸਮਾਪਤ ਹੋਇਆ। ਇਸ ਦੌਰਾਨ ਭਾਰੀ ਸੀਤ ਲਹਿਰ ਨੂੰ ਅੱਖੋਂ ਪ੍ਰੋਖਿਆਂ ਕਰਦੇ ਹੋਏ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਾ ਸਿਰਫ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ ਸਗੋਂ ਹਰੇਕ ਪਿੰਡ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਅਟੁੱਟ ਲੰਗਰ ਵਰਤਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਦਾ ਬ੍ਰਿਤਾਂਤ ਸੁਣਾਇਆ।

ਉਨ੍ਹਾਂ ਨੇ ਵਿਦੇਸ਼ਾਂ ਵਿੱਚ ਗੁਰਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਵਿੱਚ ਗੁਰਬਾਣੀ ਤੋਂ ਅਵੇਸਲੇ ਹੋਣ ਕਾਰਨ ਪਰਿਵਾਰਾਂ ਵਿੱਚ ਨਿਰਾਸਾ ਪਸਰਦੀ ਜਾ ਰਹੀ ਹੈ, ਸਾਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਰੋਜ਼ ਪੜ੍ਹ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਚੇ ਪਾਤਿਸ਼ਾਹ ਜੀ ਸਾਨੂੰ ਗੁਰਸਿੱਖੀ ਦੀ ਦਾਤ ਬਖਸ਼ੋ। ਸਿੰਘ ਸਾਹਿਬ ਨੇ ਕਿਹਾ ਕਿ ਸਾਨੂੰ ਮਾਨਸਿਕ ਤਾਕਤ ਗੁਰੂ ਸਾਹਿਬ ਜੀ ਦੀ ਭਗਤੀ ਤੋਂ ਹੀ ਮਿਲਣੀ ਹੈ। ਇਸ ਮੌਕੇ ਹੋਰਨਾਂ ਸਖਸ਼ੀਅਤਾਂ ਤੋਂ ਇਲਾਵਾ ਬਾਬਾ ਚਰਨਜੀਤ ਸਿੰਘ ਜੱਸੋਵਾਲ, ਜਥੇਦਾਰ ਸਵਰਨਜੀਤ ਸਿੰਘ ਮੁੱਖੀ ਤਰਨਾ ਦਲ, ਬਾਬਾ ਸਤਨਾਮ ਸਿੰਘ ਵਲੀਆਂ ਵਾਲੇ, ਬਾਬਾ ਬੂਟਾ ਸਿੰਘ ਜਨਮ ਅਸਥਾਨ ਜਥੇਦਾਰ ਬਾਬਾ ਬੂਟਾ ਸਿੰਘ, ਬਾਬਾ ਬਲਵਿੰਦਰ ਸਿੰਘ ਹੈਡ ਗਰੰਥੀ ਗੁਰਦੁਆਰਾ ਸੰਤ ਖਾਲਸਾ, ਭਾਈ ਜਗਸੀਰ ਸਿੰਘ ਰੋਡੇ, ਜਥੇਦਾਰ ਜੋਗਿੰਦਰ ਸਿੰਘ ਫਿਰੋਜ਼ਪੁਰ, ਡਾ. ਪਿੱਪਲ ਸਿੰਘ ਫਿਰੋਜ਼ਪੁਰ ਤੇ ਹੋਰ ਪੰਥਕ ਆਗੂ ਤੇ ਸੰਗਤਾਂ ਹਾਜ਼ਰ ਸਨ।
