Major accident in Pathankot: Car goes out of control and falls into a deep gorge near Niari; couple from Himachal injured
ਪਠਾਨਕੋਟ ‘ਚ ਵੱਡਾ ਹਾਦਸਾ: ਨਿਆਰੀ ਨੇੜੇ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਡਿੱਗੀ ਕਾਰ, ਹਿਮਾਚਲ ਦਾ ਜੋੜਾ ਜ਼ਖਮੀ
ਪਠਾਨਕੋਟ (ਆਵਾਜ਼ਿ ਕੌਮ ਬਿਊਰੋ)-ਪਠਾਨਕੋਟ ਜ਼ਿਲ੍ਹੇ ਦੇ ਅਰਧ-ਪਹਾੜੀ ਖੇਤਰ ਨਿਆਰੀ ਨੇੜੇ ਅਚਾਨਕ ਇੱਕ ਤੇਜ਼ ਮੋੜ ’ਤੇ ਕਾਰ ਬੇਕਾਬੂ ਹੋ ਕੇ ਕਰੀਬ 15 ਤੋਂ 16 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲਾ ਇੱਕ ਜੋੜਾ ਜ਼ਖਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਬਲ (SSF) ਦੀ ਟੀਮ ਤੁਰੰਤ ਹਰਕਤ ਵਿੱਚ ਆਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਖੱਡ ਵਿੱਚ ਫਸੇ ਦੋਵਾਂ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਇੱਕ ਰਾਹਗੀਰ ਨੇ SSF ਨੂੰ ਸੂਚਿਤ ਕੀਤਾ ਕਿ ਨਿਆਰੀ ਨੇੜੇ ਨੰਬਰ HP-57-1431 ਵਾਲੀ ਇੱਕ ਕਾਰ ਸੜਕ ਤੋਂ ਹੇਠਾਂ ਖੱਡ ਵਿੱਚ ਡਿੱਗ ਗਈ ਹੈ। ਸੂਚਨਾ ਮਿਲਣ ਤੋਂ ਬਾਅਦ SSF ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਜ਼ 15 ਮਿੰਟਾਂ ਦੇ ਅੰਦਰ ਘਟਨਾ ਸਥਾਨ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ SSF ਮੁਲਾਜ਼ਮਾਂ ਨੇ ਖੱਡ ਵਿੱਚ ਫਸੇ ਕਾਰ ਸਵਾਰ ਜੋੜੇ ਨੂੰ ਬਾਹਰ ਕੱਢਿਆ ਅਤੇ ਮੌਕੇ ’ਤੇ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਦੋਵਾਂ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਲਲਿਤ ਮੋਹਨ ਜਿੰਦਲ, ਵਾਸੀ ਪਿੰਡ ਕਾਕੇਰਾ, ਜ਼ਿਲ੍ਹਾ ਚੰਬਾ, ਹਿਮਾਚਲ ਪ੍ਰਦੇਸ਼ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਜਿੰਦਲ ਵਜੋਂ ਹੋਈ ਹੈ।

