Major action by the Railways: A record set by collecting revenue of 1.5 million (15 lakh) in a single day through ticket checking
ਰੇਲਵੇ ਦੀ ਵੱਡੀ ਕਾਰਵਾਈ: ਟਿਕਟ ਚੈਕਿੰਗ ਰਾਹੀਂ 1 ਦਿਨ ’ਚ 15 ਲੱਖ ਦਾ ਮਾਲੀਆ ਇਕੱਠਾ ਕਰ ਕੇ ਬਣਾਇਆ ਰਿਕਾਰਡ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਰੇਲਵੇ ਵਿਚ ਬਿਨਾਂ ਟਿਕਟ ਅਤੇ ਅਨਿਯਮਿਤ ਟਿਕਟ ’ਤੇ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਫਿਰੋਜ਼ਪੁਰ ਡਵੀਜ਼ਨ ਨੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਡਵੀਜ਼ਨ ਵਿਚ ਟਿਕਟ ਚੈਕਿੰਗ ਰਾਹੀਂ ਇਕ ਹੀ ਦਿਨ ਵਿਚ 15 ਲੱਖ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ। ਮੰਡਲ ਲਈ ਇਸ ਨੂੰ ਟਿਕਟ ਚੈਕਿੰਗ ਦੇ ਖੇਤਰ ਵਿਚ ਇਕ ਦਿਨ ਦੀ ਜ਼ਿਕਰਯੋਗ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਟਿਕਟ ਚੈਕਿੰਗ ਮੁਲਾਜ਼ਮਾਂ ਨੇ ਵੱਖ-ਵੱਖ ਰੇਲ ਸੈਕਸ਼ਨਾਂ ਵਿਚ ਸਖ਼ਤ ਜਾਂਚ ਕਰ ਕੇ ਬਿਨਾਂ ਟਿਕਟ ਅਤੇ ਅਨਿਯਮਿਤ ਟਿਕਟ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਫੜਿਆ। ਡਵੀਜ਼ਨ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਵਿਚ ਰੇਲਵੇ ਵੱਲੋਂ ਸਟੇਸ਼ਨਾਂ ’ਤੇ ਟਿਕਟ ਵਿਕਰੀ ਵਧਾਉਣ ਅਤੇ ਬਿਨਾਂ ਉਚਿਤ ਟਿਕਟ ਯਾਤਰਾ ਕਰਨ ਵਾਲਿਆਂ ’ਤੇ ਨਕੇਲ ਕੱਸਣ ਦੇ ਉਦੇਸ਼ ਨਾਲ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਵਿਚ ਮੰਡਲ ਦੇ ਵੱਖ-ਵੱਖ ਰੇਲ ਸੈਕਸ਼ਨਾਂ ’ਤੇ ਚੈਕਿੰਗ ਮੁਲਾਜ਼ਮਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਨ੍ਹਾਂ ਵਿਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਸਮੇਤ ਕਈ ਅਹਿਮ ਰੇਲ ਸੈਕਸ਼ਨ ਸ਼ਾਮਲ ਰਹੇ। ਇਨ੍ਹਾਂ ਰੇਲ ਸੈਕਸ਼ਨਾਂ ’ਤੇ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕੀਤੀ ਗਈ ਅਤੇ ਬਿਨਾਂ ਟਿਕਟ ਤੇ ਅਨਿਯਮਿਤ ਟਿਕਟ ’ਤੇ ਯਾਤਰਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ। ਇਸ ਪ੍ਰਾਪਤੀ ਵਿਚ ਟਿਕਟ ਚੈਕਿੰਗ ਮੁਲਾਜ਼ਮਾਂ ਦਾ ਨਿੱਜੀ ਪ੍ਰਦਰਸ਼ਨ ਵੀ ਖ਼ਾਸ ਰਿਹਾ। ਟਿਕਟ ਨਿਰੀਖਕ ਰਾਮਰੂਪ ਮੀਨਾ ਨੇ ਇਕੱਲੇ ਇਕ ਦਿਨ ਵਿਚ 1 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ। ਇਕ ਹੀ ਦਿਨ ਵਿਚ ਇੰਨੀ ਵੱਡੀ ਰਾਸ਼ੀ ਦਾ ਮਾਲੀਆ ਜੁਟਾਉਣਾ ਮੁਹਿੰਮ ਵਿਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਨੂੰ ਦਰਸਾਉਂਦਾ ਹੈ। ਡਵੀਜ਼ਨ ਪੱਧਰ ’ਤੇ 15 ਲੱਖ ਰੁਪਏ ਦਾ ਮਾਲੀਆ ਇਕੱਠਾ ਹੋਣ ਵਿਚ ਚੈਕਿੰਗ ਮੁਲਾਜ਼ਮਾਂ ਦੀ ਸਮੂਹਿਕ ਮਿਹਨਤ ਵੀ ਅਹਿਮ ਰਹੀ। ਮੁਹਿੰਮ ਦੌਰਾਨ ਸਿਰਫ਼ ਟਿਕਟਾਂ ਦੀ ਜਾਂਚ ਤੱਕ ਹੀ ਕਾਰਵਾਈ ਸੀਮਤ ਨਹੀਂ ਰਹੀ, ਸਗੋਂ ਯਾਤਰੀਆਂ ਨੂੰ ਉਚਿਤ ਟਿਕਟ ਲੈ ਕੇ ਸਫ਼ਰ ਕਰਨ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਰੇਲਵੇ ਵੱਲੋਂ ਯਾਤਰੀਆਂ ਨੂੰ ਰਾਖਵੀਆਂ (ਰਿਜ਼ਰਵਡ) ਅਤੇ ਅਣਰਾਖਵੀਆਂ (ਅਨਰਿਜ਼ਰਵਡ) ਟਿਕਟਾਂ ਬੁੱਕ ਕਰਨ ਲਈ ‘ਰੇਲਵਨ’ ਐਪ ਦੀ ਵਰਤੋਂ ਦੀ ਜਾਣਕਾਰੀ ਦਿੱਤੀ ਗਈ, ਤਾਂ ਜੋ ਉਨ੍ਹਾਂ ਨੂੰ ਟਿਕਟ ਲੈਣ ਲਈ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਯਾਤਰਾ ਦੌਰਾਨ ਉਚਿਤ ਟਿਕਟ ਉਨ੍ਹਾਂ ਕੋਲ ਮੌਜੂਦ ਰਹੇ।

