Major decision by the Punjab Chemists Association following the murder of Parvinder Jhota; these orders issued
ਪਰਵਿੰਦਰ ਝੋਟਾ ਦੇ ਕਤਲ ਮਗਰੋਂ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫੈਸਲਾ, ਜਾਰੀ ਕੀਤੇ ਇਹ ਹੁਕਮ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਮਾਨਸਾ ਵਿਖੇ ਮੈਡੀਕਲ ਸਟੋਰ ਚਾਲਕ ਵੱਲੋਂ ਸਮਾਜ ਸੇਵਕ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਦੀ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਨਿੰਦਾ ਕੀਤੀ ਹੈ। ਨਾਲ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਕੈਮਿਸਟਾਂ ਦੀ ਵੀ ਸੁਰੱਖਿਆ ਯਕੀਨੀ ਬਣਾਈ ਜਾਵੇ। ਐਸੋਸੀਏਸ਼ਨ ਨੇ ਪੰਜਾਬ ਦੇ 27 ਹਜ਼ਾਰ ਕੈਮਿਸਟਾਂ ਨੂੰ ਗਾਈਡਲਾਈਨ ਜਾਰੀ ਕਰਦਿਆਂ ਹੋਇਆਂ ਸਪੱਸ਼ਟ ਕੀਤਾ ਹੈ ਕਿ ਕੈਮਿਸਟ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਨਿਰਧਾਰਤ ਨਿਯਮਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ। ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਸਟ ਨਾਲ ਸੰਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਰਜਿਸਟਰਡ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ ਮਾਨਸਾ ਵਿਖੇ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ, ਐਸੋਸੀਏਸ਼ਨ ਕੜੇ ਸ਼ਬਦਾਂ ’ਚ ਨਿੰਦਾ ਕਰਦੀ ਹੈ। ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਕੈਮਿਸਟਾਂ ਦੀ ਸੁਰੱਖਿਆ ਅਤੇ ਦਵਾਈਆਂ ਦੀ ਵਿਕਰੀ ਨਾਲ ਜੁੜੇ ਮੁੱਦਿਆਂ ਨੂੰ ਲਗਾਤਾਰ ਸਰਕਾਰ ਅਤੇ ਸਿਹਤ ਵਿਭਾਗ ਦੇ ਧਿਆਨ ’ਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਪੱਤਰ ਅਨੁਸਾਰ 21 ਸਤੰਬਰ 2026 ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਕੋਲ ਕੈਮਿਸਟ ਭਾਈਚਾਰੇ ਨਾਲ ਸਬੰਧਤ ਕਈ ਮੁੱਦੇ ਰੱਖੇ ਗਏ ਸਨ। ਇਸ ’ਚ ਨਸ਼ਿਆਂ ਵਿਰੁੱਧ ਕਾਰਵਾਈ ਤੋਂ ਇਲਾਵਾ ਹੋਰ ਕਈ ਮੁੱਦਿਆਂ ’ਤੇ ਵੀ ਸਵਾਲ ਅਤੇ ਸੁਝਾਅ ਰੱਖੇ ਗਏ। ਐਸੋਸੀਏਸ਼ਨ ਨੇ ਇਸ ਤੋਂ ਬਾਅਦ 22 ਸਤੰਬਰ 2026 ਨੂੰ ਪੱਤਰ ਨੰਬਰ ਪੀਸੀਏ/242/26-27 ਰਾਹੀਂ ਪੰਜਾਬ ਦੇ ਸਮੁੱਚੇ ਕੈਮਿਸਟਾਂ ਨੂੰ ਦਵਾਈਆਂ ਦੀ ਵਿਕਰੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਐਸੋਸੀਏਸ਼ਨ ਨੇ ਕੈਮਿਸਟਾਂ ਨੂੰ ਕਿਹਾ ਕਿ ਉਹ ਆਪਣੇ ਕਾਰੋਬਾਰ ਨੂੰ ਨਿਰਧਾਰਤ ਨਿਯਮਾਂ ਅਤੇ ਕਾਨੂੰਨੀ ਪ੍ਰਬੰਧਾਂ ਅਨੁਸਾਰ ਹੀ ਚਲਾਉਣ। ਐਸੋਸੀਏਸ਼ਨ ਵੱਲੋਂ ਕੈਮਿਸਟਾਂ ਨੂੰ ਦਿੱਤੀਆਂ ਹਦਾਇਤਾਂ ’ਚ ਕਿਹਾ ਗਿਆ ਕਿ ਹਰ ਦਵਾਈ ਦੀ ਵਿਕਰੀ ਸੇਲ ਬਿੱਲ ’ਤੇ ਕੀਤੀ ਜਾਵੇ ਅਤੇ ਦਵਾਈ ਲੈਣ ਆਉਣ ਵਾਲੇ ਗਾਹਕ ਦੀ ਪਛਾਣ ਵੱਲ ਵੀ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਬਿਨਾਂ ਐੱਨ.ਆਰ.ਐਕਸ. ਅਤੇ ਸ਼ਡਿਊਲ ਐੱਚ-1 ਸ਼੍ਰੇਣੀ ਦੀਆਂ ਦਵਾਈਆਂ ਨਾ ਵੇਚਣ ਅਤੇ ਇਨ੍ਹਾਂ ਦਾ ਪੂਰਾ ਰਿਕਾਰਡ ਰੱਖਣ ਲਈ ਕਿਹਾ ਗਿਆ ਹੈ। ਐਸੋਸੀਏਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੈਮਿਸਟ ਸਿਰਫ਼ ਉਹੀ ਦਵਾਈਆਂ ਵੇਚਣ ਜਿਨ੍ਹਾਂ ਦੀ ਵਿਕਰੀ ਲਈ ਸਬੰਧਤ ਵਿਭਾਗ ਵੱਲੋਂ ਮਨਜ਼ੂਰੀ ਜਾਂ ਇਜਾਜ਼ਤ ਪ੍ਰਾਪਤ ਹੋਵੇ। ਪੱਤਰ ’ਚ ਪ੍ਰੈਗਾਬਾਲਿਨ 75 ਐੱਮ. ਜੀ. ਦੇ ਸਟਾਕ ਸਬੰਧੀ ਵੀ ਪੂਰਾ ਰਿਕਾਰਡ ਅਤੇ ਨਿਯਮਾਂ ਅਨੁਸਾਰ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

