Major incident in Kapurthala: The only brother of 4 sisters shot dead; 9 months ago…
ਕਪੂਰਥਲਾ ‘ਚ ਵੱਡੀ ਵਾਰਦਾਤ: 4 ਭੈਣਾਂ ਦੇ ਇਕਲੌਤੇ ਭਰਾ ਦਾ ਗੋਲੀਆਂ ਮਾਰ ਕਰ ‘ਤਾ ਕਤਲ, 9 ਮਹੀਨੇ ਪਹਿਲਾਂ…
ਕਪੂਰਥਲਾ (ਆਵਾਜ਼ਿ ਕੌਮ ਬਿਊਰੋ)-ਸ਼ਹਿਰ ਦੇ ਮਹਤਾਬਗੜ੍ਹ ਖੇਤਰ ਵਿਚ ਸੋਮਵਾਰ ਦੀ ਰਾਤ ਕੁਝ ਆਰੋਪਿਆ ਨੇ ਘਰ ਦੇ ਬਾਹਰ ਪਟਾਕੇ ਚਲਾ ਰਹੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਜਿੱਥੇ ਸਿਟੀ ਪੁਲਸ ਨੇ ਕਈ ਅਰੋਪਿਆ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ, ਉੱਥੇ ਹੀ ਕਤਲ ਦੀ ਇਸ ਵਾਰਦਾਤ ਨੂੰ ਆਖਿਰ ਕਿਉਂ ਅੰਜਾਮ ਦਿੱਤਾ ਗਿਆ, ਇਸ ਨੂੰ ਲੈ ਕੇ ਪੁਲਸ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਆਖਰੀ ਸਮਾਚਾਰ ਮਿਲਣ ਤੱਕ ਕੁਝ ਅਰੋਪੀਆ ਦੀ ਪਛਾਣ ਵੀ ਕਰ ਲਈ ਗਈ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਦੇਰ ਰਾਤ ਤੱਕ ਛਾਪੇਮਾਰੀ ਜਾਰੀ ਰਹੀ। ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੇ ਅਧੀਨ ਆਉਂਦੇ ਮੁਹੱਲਾ ਮਹਤਾਬਗੜ੍ਹ ਵਿੱਚ ਆਪਣੇ ਘਰ ਵਿੱਚ ਮੌਜੂਦ ਮਨੀ ਨਾਮਕ ਨੌਜਵਾਨ ‘ਤੇ ਕੁਝ ਦੋਸ਼ੀਆਂ ਨੇ ਹਮਲਾ ਕਰ ਦਿੱਤਾ, ਜਿਸ ਦੌਰਾਨ ਅਰੋਪੀਆ ਵੱਲੋਂ ਚਲਾਈ ਗਈ ਇਕ ਗੋਲੀ ਮਨੀ ਨੂੰ ਲੱਗ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇ ਕੇ ਆਰੋਪੀ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਸਬ ਡਿਵੀਜ਼ਨ ਸ਼ੀਤਲ ਸਿੰਘ ਅਤੇ ਐੱਸ.ਐੱਚ.ਓ. ਸਿਟੀ ਰਣਜੀਤ ਸਿੰਘ ਪੁਲਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮ੍ਰਿਤਕ ਮਨੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਨੀ ਦਾ ਵਿਆਹ ਨੌਂ ਮਹੀਨੇ ਪਹਿਲਾਂ ਹੀ ਹੋਇਆ ਸੀ। ਉੱਥੇ ਹੀ ਮ੍ਰਿਤਕ ਮਨੀ ਦੇ ਬਿਆਨਾਂ ‘ਤੇ ਪੁਲਸ ਨੇ ਕੁਝ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜੋ ਕਿ ਮਹਤਾਬਗੜ੍ਹ ਖੇਤਰ ਦੇ ਹੀ ਰਹਿਣ ਵਾਲੇ ਹਨ। ਉੱਥੇ ਹੀ ਇਸ ਸਬੰਧ ਵਿੱਚ ਜਦੋਂ ਡੀ. ਐੱਸ. ਪੀ. ਸਬ ਡਿਵੀਜ਼ਨ ਡਾ. ਸ਼ੀਤਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਮੁੱਖ ਮੁਲਜ਼ਮਾਂ ਸਮੇਤ ਕਈ ਹੋਰ ਦੋਸ਼ੀਆਂ ਨੂੰ ਪਛਾਣ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਵੱਲੋਂ ਜਿਸ ਪਿਸਤੌਲ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਗੈਰਕਾਨੂੰਨੀ ਸੀ। ਦੋਸ਼ੀਆਂ ਨੇ ਆਖਿਰ ਕਿਉਂ ਮਨੀ ਦਾ ਕਤਲ ਕੀਤਾ, ਇਸ ਸਬੰਧੀ ਖੁਲਾਸਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਹੋ ਸਕੇਗਾ।

