Major incident on Tarn Taran Road in Amritsar: Robbers open fire, loot a petrol pump, and flee; panic ensues
ਅੰਮ੍ਰਿਤਸਰ ਦੇ ਤਰਨਤਾਰਨ ਰੋਡ ’ਤੇ ਵੱਡੀ ਵਾਰਦਾਤ : ਫ਼ਾਇਰਿੰਗ ਕਰ ਪੈਟਰੋਲ ਪੰਪ ਲੁੱਟ ਫ਼ਰਾਰ ਹੋਏ ਲੁਟੇਰੇ, ਫੈਲੀ ਸਨਸਨੀ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਅੰਮ੍ਰਿਤਸਰ ਦੇ ਤਰਨਤਾਰਨ ਰੋਡ ਸਥਿਤ ਨਾਮਧਾਰੀ ਫਿਊਲ ਸਟੇਸ਼ਨ ’ਤੇ ਬੀਤੀ ਸ਼ਾਮ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੂੰਹ ਢੱਕ ਕੇ ਆਏ ਅਣਪਛਾਤੇ ਹਮਲਾਵਰਾਂ ਨੇ ਪਿਸਤੌਲ ਦਿਖਾ ਕੇ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਡਰਾਇਆ-ਧਮਕਾਇਆ ਅਤੇ ਸੇਲਜ਼ਮੈਨ ਕੋਲੋਂ 12,238 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਵਾਰਦਾਤ ਦੌਰਾਨ ਮੁਲਜ਼ਮਾਂ ਵੱਲੋਂ ਕੀਤੀ ਗਈ ਫਾਇਰਿੰਗ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦੇਈਏ ਕਿ ਲੁੱਟ-ਖੋਹ ਦੀ ਸਾਰੀ ਘਟਨਾ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੈਟਰੋਲ ਪੰਪ ਦੇ ਮਾਲਕ ਵੀਰਪਾਲ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਾਰਦਾਤ 13 ਤਾਰੀਖ਼ ਦੀ ਸ਼ਾਮ ਕਰੀਬ 7 ਵਜੇ ਤੋਂ 7:25 ਵਜੇ ਦਰਮਿਆਨ ਵਾਪਰੀ ਹੈ। ਦੋ ਅਣਪਛਾਤੇ ਨੌਜਵਾਨ ਆਪਣੇ ਮੂੰਹ ਕੱਪੜਿਆਂ ਨਾਲ ਢੱਕ ਕੇ ਅਚਾਨਕ ਪੈਟਰੋਲ ਪੰਪ ’ਤੇ ਪਹੁੰਚੇ। ਉਨ੍ਹਾਂ ਕੋਲ ਪਿਸਤੌਲ ਸੀ। ਪੈਟਰੋਲ ਪੰਪ ’ਤੇ ਆਉਂਦਿਆਂ ਹੀ ਲੁਟੇਰਿਆਂ ਨੇ ਹਵਾਈ ਫਾਇਰ ਕੀਤਾ, ਜਿਸ ਨਾਲ ਉੱਥੇ ਮੌਜੂਦ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਤੇਲ ਪਾਉਣ ਵਾਲੇ ਸੇਲਜ਼ਮੈਨ ਨਾਲ ਖੋਹ-ਖੋਹਾਈ ਕੀਤੀ ਅਤੇ ਉਸ ਕੋਲੋਂ 12,238 ਰੁਪਏ ਦੀ ਨਕਦੀ ਖੋਹ ਲਈ। ਵੀਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਫਰਾਰ ਹੁੰਦਿਆਂ ਮੁੜ ਫਾਇਰਿੰਗ ਕੀਤੀ। ਇਸ ਦੌਰਾਨ ਚੱਲੀਆਂ ਗੋਲੀਆਂ ਵਿੱਚੋਂ ਇੱਕ ਪੈਟਰੋਲ ਪੰਪ ਦੇ ਸ਼ੈੱਡ ’ਤੇ ਅਤੇ ਦੂਜੀ ਦਫ਼ਤਰ ਦੇ ਸ਼ੀਸ਼ੇ ’ਤੇ ਲੱਗੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਵੀ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਪੈਟਰੋਲ ਪੰਪ ਤੋਂ ਬਾਹਰ ਆਪਣੇ ਤੀਜੇ ਸਾਥੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਸ਼ਹਿਰ ਵੱਲ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਅਤੇ ਐੱਸਐੱਚਓ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7:20 ਵਜੇ ਗੁਰੂਵਾਲੀ ਨੇੜੇ ਸਥਿਤ ਫਿਊਲ ਪੰਪ ’ਤੇ ਲੁੱਟ ਦੀ ਵਾਰਦਾਤ ਵਾਪਰੀ ਸੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ਅਤੇ ਮੁਲਜ਼ਮਾਂ ਦੇ ਫਰਾਰ ਹੋਣ ਵਾਲੇ ਰਸਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਪੈਟਰੋਲ ਪੰਪ ਦੇ ਮਾਲਕ ਵੀਰਪਾਲ ਸਿੰਘ ਨੇ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਪੁਲਿਸ ਗਸ਼ਤ ਅਤੇ ਪੀਸੀਆਰ ਦੀਆਂ ਗਤੀਵਿਧੀਆਂ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਰੋਡ ’ਤੇ ਅਜਿਹੀਆਂ ਘਟਨਾਵਾਂ ਵਾਪਰਨ ਕਾਰਨ ਕਾਰੋਬਾਰੀਆਂ ਅਤੇ ਕਰਮਚਾਰੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਪੁਲਿਸ ਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।

