Major uproar in the Punjab Legislative Assembly; heated exchange between Harpal Cheema and Pargat Singh
ਪੰਜਾਬ ਵਿਧਾਨ ਸਭਾ ‘ਚ ਭਾਰੀ ਹੰਗਾਮਾ, ਹਰਪਾਲ ਚੀਮਾ ਤੇ ਪਰਗਟ ਸਿੰਘ ਵਿਚਾਲੇ ਖੜਕੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਕਾਰਵਾਈ ਸ਼ੁਰੂ ਹੁੰਦਿਆਂ ਭਾਰੀ ਹੰਗਾਮਾ ਹੋ ਗਿਆ। ਜਿਵੇਂ ਹੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ ਵੱਲੋਂ ਜ਼ੋਰਦਾਰ ਵਿਰੋਧ ਕਰਦਿਆਂ ਪੰਜਾਬ ਸਰਕਾਰ ਲਾਹਣਤ ਹੈ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਕਾਂਗਰਸ ਦੀ ਮੰਗ ਸੀ ਕਿ ਪਹਿਲਾਂ ਸੂਬੇ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਵਾਈ ਜਾਵੇ। ਇਸ ‘ਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਲਈ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ। ਚੀਮਾ ਨੇ ਨਸ਼ੇ ਦੇ ਮੁੱਦੇ ‘ਤੇ ਕਾਂਗਰਸ ਨੂੰ ਘੇਰਿਆ। ਉਨ੍ਹਾਂ ਕਾਂਗਰਸ ਪ੍ਰਧਾਨ ਪਰਗਟ ਸਿੰਘ ‘ਤੇ ਨਿਸ਼ਾਨਾ ਕਸਾਧਦੇ ਹੋਏ ਦੋਸ਼ ਲਗਾਇਆ ਕਿ ਉਹ ਪੰਜਾਬ ਵਿਚ ਚਿੱਟਾ ਫੈਲਾਉਣ ਵਾਲੀ ਪਾਰਟੀ ਦੇ ਮੈਂਬਰ ਰਹੇ ਹਨ। ਚੀਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਕ ਸਾਥੀ ਦਾ ਨਾਮ ਨਸ਼ੇ ਨਾਲ ਜੁੜੇ ਮਾਮਲੇ ਵਿਚ ਸ਼ਾਮਲ ਹੈ। ਚੀਮਾ ਨੇ ਕਿਹਾ ਕਿ ਪਰਗਟ ਸਿੰਘ ਉਸ ਪਾਰਟੀ ਦਾ ਹਿੱਸਾ ਹਨ ਜਿਹੜੀ ਨੌਜਵਾਨਾਂ ਦੀ ਕਾਤਲ ਜਮਾਤ ਹੀ ਹੈ। ਉਨ੍ਹਾਂ ਸੁਖਪਾਲ ਖਹਿਰਾ ‘ਤੇ ਵੀ ਵੱਡੇ ਹਮਲੇ ਬੋਲੇ, ਉਨ੍ਹਾਂ ਕਿਹਾ ਕਿ ਖਹਿਰਾ ਵਰਗੇ ਲੀਡਰਾਂ ‘ਤੇ ਨਸ਼ਾ ਵੇਚਣ ਵਰਗੇ ਗੰਭੀਰ ਦੋਸ਼ ਹਨ। ਇਨ੍ਹਾਂ ਉਪਰ ਐਨਡੀਪੀਐੱਸ ਦੇ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਉਸੇ ਜਮਾਤ ਦਾ ਹਿੱਸਾ ਰਿਹਾ ਹੈ, ਜਿਸ ਨੇ ਪੰਜਾਬ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਉਹ ਅਕਾਲੀ ਦਲ ਹੀ ਹੈ, ਜਿਸ ਨੇ ਪੰਜਾਬ ਵਿਚ ਨਸ਼ਾ ਲਿਆਂਦਾ।

