Minister Samant’s helicopter experienced a technical fault while taking off, pilot landed safely
ਮੰਤਰੀ ਸਾਮੰਤ ਦੇ ਹੈਲੀਕਾਪਟਰ ’ਚ ਉਡਾਣ ਭਰਦਿਆਂ ਹੀ ਆਈ ਤਕਨੀਕੀ ਖ਼ਰਾਬੀ, ਪਾਇਲਟ ਨੇ ਸੁਰੱਖਿਅਤ ਉਤਾਰਿਆ
ਨਾਗਪੁਰ (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਉਦਯੋਗ ਮੰਤਰੀ ਉਦੈ ਸਾਮੰਤ ਦੇ ਹੈਲੀਕਾਪਟਰ ਵਿਚ ਵੀਰਵਾਰ ਨੂੰ ਨਾਗਪੁਰ ਤੋਂ ਗੜ੍ਹਚਿਰੌਲੀ ਲਈ ਉਡਾਣ ਭਰਦੇ ਸਮੇਂ ਅਚਾਨਕ ਤਕਨੀਕੀ ਖ਼ਰਾਬੀ ਆ ਗਈ। ਪਾਇਲਟ ਨੇ ਸਥਿਤੀ ਨੂੰ ਸੰਭਾਲਦੇ ਹੋਏ ਹੈਲੀਕਾਪਟਰ ਨੂੰ ਸੁਰੱਖਿਅਤ ਰਨਵੇਅ ’ਤੇ ਉਤਾਰ ਦਿੱਤਾ, ਜਿਸ ਤੋਂ ਬਾਅਦ ਉਡਾਣ ਰੱਦ ਕਰ ਦਿੱਤੀ ਗਈ। ਸਾਮੰਤ ਨੇ ਦੱਸਿਆ ਕਿ ਉਹ ਸਵੇਰੇ ਕਰੀਬ 8.30 ਤੋਂ 8.45 ਵਜੇ ਦਰਮਿਆਨ ਗੜ੍ਹਚਿਰੌਲੀ ਜਾਣ ਲਈ ਹੈਲੀਕਾਪਟਰ ਵਿਚ ਸਵਾਰ ਹੋਏ ਸਨ। ਪਾਇਲਟ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਹੈਲੀਕਾਪਟਰ ਦੀ ਮੈਨਟੀਨੈਂਸ ਦਾ ਕੰਮ ਹਾਲ ਹੀ ਵਿਚ ਪੂਰਾ ਹੋਇਆ ਸੀ ਅਤੇ ਮੌਸਮ ਵੀ ਉਡਾਣ ਲਈ ਅਨੁਕੂਲ ਸੀ। ਮੰਤਰੀ ਅਨੁਸਾਰ, ਇੰਜਣ ਚਾਲੂ ਹੋਣ ਅਤੇ ਉਡਾਣ ਭਰਨ ਦੇ ਤੁਰੰਤ ਬਾਅਦ ਪਾਇਲਟ ਨੇ ਤਕਨੀਕੀ ਖ਼ਰਾਬੀ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹੈਲੀਕਾਪਟਰ ਨੂੰ ਵਾਪਸ ਰਨਵੇਅ ’ਤੇ ਉਤਾਰ ਦਿੱਤਾ ਗਿਆ। ਸਾਮੰਤ ਬਾਅਦ ਵਿਚ ਸੜਕ ਮਾਰਗ ਰਾਹੀਂ ਨਾਗਪੁਰ ਤੋਂ ਕਰੀਬ 170 ਕਿਲੋਮੀਟਰ ਦੂਰ ਗੜ੍ਹਚਿਰੌਲੀ ਲਈ ਰਵਾਨਾ ਹੋਏ।

