Mother begging CM Reddy for the return of her son who went to work in the UAE!
UAE ‘ਚ ਕੰਮ ਕਰਨ ਗਏ ਪੁੱਤ ਦੀ ਵਾਪਸੀ ਲਈ CM ਰੈੱਡੀ ਅੱਗੇ ਤਰਲੇ ਮਾਰ ਰਹੀ ਮਾਂ !
ਹੈਦਰਾਬਾਦ (ਆਵਾਜ਼ਿ ਕੌਮ ਬਿਊਰੋ)-ਤੇਲੰਗਾਨਾ ਦੀ ਇਕ ਔਰਤ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਕੰਮ ਕਰ ਰਹੇ ਆਪਣੇ ਬੇਟੇ ਦੀ ਵਾਪਸੀ ‘ਚ ਮਦਦ ਲਈ ਮੁੱਖ ਮੰਤਰੀ ਏ. ਰੇਵੰਤ ਰੈਡੀ ਤੋਂ ਗੁਹਾਰ ਲਗਾਈ ਹੈ ਤਾਂ ਕਿ ਉਹ ਭਾਰਤੀ ਫ਼ੌਜ ਦੀ ‘ਅਗਨੀਵੀਰ’ ਭਰਤੀ ਪ੍ਰੀਖਿਆ ‘ਚ ਸ਼ਾਮਲ ਹੋ ਸਕੇ। ਔਰਤ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਯੂਏਈ ‘ਚ ਕੰਮ ਕਰਦਾ ਹੈ, ਪਰ ਉਸ ਦਾ ਮਾਲਕ ਉਸ ਦਾ ਵੀਜ਼ਾ ਰੱਦ ਕਰਨ ਲਈ 100,000 ਰੁਪਏ ਤੋਂ ਵੱਧ ਦੀ ਮੰਗ ਕਰ ਰਿਹਾ ਹੈ, ਜਿਸ ਨੂੰ ਚੁਕਾਉਣ ‘ਚ ਅਸਮਰੱਥ ਹੈ। ਤੇਲੰਗਾਨਾ ਦੇ ਜਗਤਿਆਲ ਜ਼ਿਲ੍ਹੇ ਦੀ ਰਹਿਣ ਵਾਲੀ ਕੋਪਾਰਥੀ ਸੁਮਾਲਥਾ ਨੇ ਹੈਦਰਾਬਾਦ ‘ਚ ਸਰਕਾਰੀ ‘ਪ੍ਰਜਾ ਭਵਨ’ ‘ਚ ਮੁੱਖ ਮੰਤਰੀ ਦੇ ‘ਪ੍ਰਵਾਸੀ ਪ੍ਰਜਾਵਾਨੀ’ ਕਾਊਂਟਰ ‘ਤੇ ਸੰਪਰਕ ਕੀਤਾ ਅਤੇ ਮਦਦ ਦੀ ਗੁਹਾਰ ਕੀਤੀ। ਔਰਤ ਨੇ ਕਿਹਾ ਕਿ ਉਸ ਦਾ ਪੁੱਤਰ ਅਭਿਲਾਸ਼ 8 ਜੁਲਾਈ ਨੂੰ ਖਾੜੀ ਦੇਸ਼ਾਂ ‘ਚ ਭਰਤੀ ਕਰਨ ਵਾਲੀ ਲਾਇਸੈਂਸ ਪ੍ਰਾਪਤ ਏਜੰਸੀ ਰਾਹੀਂ ਟੂਰਿਸਟ ਵੀਜ਼ੇ ‘ਤੇ ਮੁੰਬਈ ਤੋਂ ਅਬੂ ਧਾਬੀ ਗਿਆ ਸੀ। ਇਸ ਤੋਂ ਬਾਅਦ ਉਸ ਨੂੰ 13 ਜੁਲਾਈ ਨੂੰ ਰੁਜ਼ਗਾਰ ਵੀਜ਼ਾ ਜਾਰੀ ਕੀਤਾ ਗਿਆ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ 14 ਜੁਲਾਈ ਨੂੰ ਅਭਿਲਾਸ਼ ਨੂੰ ਇਕ ਈ-ਮੇਲ ਪ੍ਰਾਪਤ ਹੋਈ, ਜਿਸ ‘ਚ ਉਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਭਾਰਤੀ ਫੌਜ ਦੀ ‘ਅਗਨੀਵੀਰ’ ਭਰਤੀ ਰੈਲੀ ਦੇ ਤਹਿਤ ਸਰੀਰਕ ਕੁਸ਼ਲਤਾ ਟੈਸਟ ਲਈ ਉਸ ਨੂੰ ਚੁਣਿਆ ਗਿਆ ਹੈ। ਔਰਤ ਦੇ ਅਨੁਸਾਰ, ਜਿਸ ਕੰਪਨੀ ‘ਚ ਉਸ ਦਾ ਪੁੱਤਰ ਕੰਮ ਕਰਦਾ ਹੈ, ਉਸ ਨੇ ਉਸ ਨੂੰ 4,100 ਯੂਏਈ ਦਿਰਹਾਮ (ਲਗਭਗ 1.08 ਲੱਖ ਰੁਪਏ) ਦੀ ਵੀਜ਼ਾ ਰੱਦ ਕਰਨ ਦੀ ਫੀਸ ਜਮ੍ਹਾ ਹੋਣ ਤੱਕ ਰਿਲੀਵ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤੇਲੰਗਾਨਾ ਸਰਕਾਰ ਦੀ ਪ੍ਰਵਾਸੀ ਭਾਰਤੀ (ਐੱਨਆਰਆਈ) ਸਲਾਹਕਾਰ ਕਮੇਟੀ ਦੀ ਉਪ-ਚੇਅਰਮੈਨ ਮੰਧਾ ਭੀਮ ਰੈਡੀ ਨੇ ਪ੍ਰਭਾਵਿਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਜ਼ਰੂਰੀ ਸਲਾਹ ਦਿੱਤੀ। ਭੀਮ ਰੈਡੀ ਨੇ ਦੱਸਿਆ ਕਿ ਰਾਜ ਸਰਕਾਰ ਅਭਿਲਾਸ਼ ਦੀ ਘਰ ਵਾਪਸੀ ‘ਚ ਸਹਾਇਤਾ ਲਈ ਅਬੂ ਧਾਬੀ ‘ਚ ਭਾਰਤੀ ਦੂਤਘਰ ਨੂੰ ਪੱਤਰ ਲਿਖੇਗੀ। ਉਨ੍ਹਾਂ ਕਿਹਾ ਕਿ ਅਬੂ ਧਾਬੀ ‘ਚ ਸਰਗਰਮ ਸਮਾਜਿਕ ਵਰਕਰਾਂ ਨਾਲ ਵੀ ਤਾਲਮੇਲ ਸਥਾਪਤ ਕੀਤਾ ਜਾਵੇਗਾ।

