Multan’s historic Surya Kund Temple has been erased from the pages of history; not even a trace of it remains
ਇਤਿਹਾਸ ਦੇ ਪੰਨਿਆਂ ‘ਚੋਂ ਮਿਟਿਆ ਮੁਲਤਾਨ ਦਾ ਇਤਿਹਾਸਕ ਸੂਰਿਆ ਕੁੰਡ ਮੰਦਰ, ਹੁਣ ਨਾਮੋ-ਨਿਸ਼ਾਨ ਵੀ ਨਹੀਂ ਬਚਿਆ
ਗੁਰਦਾਸਪੁਰ/ਮੁਲਤਾਨ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਸ਼ਹਿਰ ਮੁਲਤਾਨ ਦਾ ਸੂਰਿਆ ਕੁੰਡ ਮੰਦਰ ਸ਼ਾਇਦ ਸਭ ਤੋਂ ਪੁਰਾਣੇ, ਸਭ ਤੋਂ ਵੱਡੇ ਅਤੇ ਸਭ ਤੋਂ ਅਮੀਰ ਮੰਦਰਾਂ ’ਚੋਂ ਇਕ ਸੀ। ਇਹ ਹੁਣ ਮੌਜੂਦ ਨਹੀਂ ਹੈ, ਪਰ ਜ਼ਮੀਨ ਵਿਚ ਬਹੁਤ ਡੂੰਘਾਈ ਤੱਕ ਦੱਬਿਆ ਹੋਇਆ ਹੈ ਅਤੇ ਸ਼ਾਇਦ ਇਕ ਦਿਨ ਇਸ ਦੇ ਬਚੇ ਹੋਏ ਹਿੱਸੇ ਮਿਲਣਗੇ ਅਤੇ ਇਸ ਦੀ ਭਵਨ ਨਿਰਮਾਣ ਕਲਾ ਦਾ ਅਧਿਐਨ ਕੀਤਾ ਜਾਵੇਗਾ। ਇਸ ਜਗ੍ਹਾ ’ਤੇ ਪਹਿਲਾ ਸੂਰਿਆ ਮੰਦਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪੁੱਤਰ ਸਾਂਬਾ ਨੇ ਬਣਵਾਇਆ ਸੀ, ਪਰ ਕੋਈ ਵੀ ਪੱਕੇ ਤੌਰ ’ਤੇ ਨਹੀਂ ਜਾਣਦਾ ਕਿ ਮੁਲਤਾਨ ਵਿਚ ਸੂਰਿਆ ਕੁੰਡ ਮੰਦਰ ਕਦੋਂ ਬਣਿਆ ਸੀ, ਪਰ ਸ਼ਾਇਦ ਇਹ ਚਾਰਾਂ ’ਚੋਂ ਸਭ ਤੋਂ ਪੁਰਾਣਾ ਸੀ। ਇਸ ਦਾ ਜ਼ਿਕਰ 515 ਈਸਾ ਪੂਰਵ ਵਿਚ ਯੂਨਾਨੀ ਐਡਮਿਰਲ ਸਕਾਈਲੈਕਸ ਨੇ ਉੱਤਰੀ ਭਾਰਤ ’ਤੇ ਯੂਨਾਨੀ ਹਮਲੇ ਦੌਰਾਨ ਕੀਤਾ ਸੀ। ਬਾਅਦ ਵਿਚ ਭਾਰਤ ਦੇ ਇਤਿਹਾਸ ਦੇ ਸਭ ਤੋਂ ਮੰਨੇ-ਪ੍ਰਮੰਨੇ ਯਾਤਰੀ ਅਤੇ ਇਤਿਹਾਸਕਾਰ, ਸੁਏਨ ਸਾਂਗ ਨੇ ਵੀ 7ਵੀਂ ਸਦੀ ਵਿਚ ਮੁਲਤਾਨ ਦਾ ਦੌਰਾ ਕੀਤਾ ਅਤੇ ਮੰਦਰ ਬਾਰੇ ਵਿਸ਼ੇਸ਼ ਤੌਰ ’ਤੇ ਲਿਖਿਆ। 10ਵੀਂ ਸਦੀ ਵਿਚ ਮਹਿਮੂਦ ਗਜ਼ਨਵੀ ਨੇ ਮੰਦਰ ਨੂੰ ਤਬਾਹ ਕਰ ਦਿੱਤਾ ਅਤੇ ਕਈ ਕਹਾਣੀਆਂ ਅਨੁਸਾਰ ਉਸ ਤੋਂ ਬਾਅਦ ਇਸ ਨੂੰ ਮੁੜ ਕਦੇ ਨਹੀਂ ਬਣਾਇਆ ਗਿਆ। ਦਸੰਬਰ 1992 ਵਿਚ ਅਯੁੱਧਿਆ ਵਿਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ, ਬਦਲੇ ਵਿਚ ਪਾਕਿਸਤਾਨ ’ਚ ਵੱਡੀ ਗਿਣਤੀ ਵਿਚ ਮੰਦਰ ਤੋੜ ਦਿੱਤੇ ਗਏ। ਜ਼ਾਹਿਰ ਹੈ, ਉਸ ਸਮੇਂ ਮੰਦਰ ਦੇ ਕੁਝ ਬਚੇ ਹੋਏ ਹਿੱਸੇ ਮੌਜੂਦ ਸਨ ਪਰ ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਅਤੇ ਹੁਣ ਮੰਦਰ ਦਾ ਕੁਝ ਵੀ ਨਹੀਂ ਬਚਿਆ ਹੈ।

