My association with Jaswant Singh Khalra and the issue of human rightsThe importance of peaceful martyrdom in the Sikh mindset and Khalra Sahib – Bhai Amrik Singh Muktsar
ਜਸਵੰਤ ਸਿੰਘ ਖਾਲੜਾ ਨਾਲ ਮੇਰੀ ਸਾਂਝ ਅਤੇ ਮਨੁੱਖੀ ਅਧਿਕਾਰਾਂ ਦਾ ਮੁੱਦਾ, ਸਿੱਖ ਮਾਨਸਿਕਤਾ ਵਿੱਚ ਸ਼ਾਂਤਮਈ ਸ਼ਹਾਦਤ ਦਾ ਮਹੱਤਵ ਅਤੇ ਖਾਲੜਾ ਸਾਹਿਬ – ਭਾਈ ਅਮਰੀਕ ਸਿੰਘ ਮੁਕਤਸਰ
ਮੈਂ ਹਮੇਸ਼ਾ 6 ਸਤੰਬਰ ਨੂੰ ਹੀ ਸ.ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਮੰਨਦਾ ਆਇਆ ਹਾਂ ।ਖਾਲੜਾ ਸਾਹਿਬ ਨੂੰ ਭਾਵੇਂ ਮੈਂ ਸਿਆਸੀ ਤੌਰ ਤੇ ਪਹਿਲਾਂ ਤੋਂ ਜਾਣਦਾ ਸੀ ,ਪਰ ਮੇਰੀ ਉਹਨਾਂ ਨਾਲ ਨਿੱਜੀ ਅਤੇ ਵਿਚਾਰਧਾਰਕ ਸਾਂਝ ਦੀ ਸ਼ੁਰੂਆਤ 1992 ਤੋਂ ਹੋਈ ਸੀ । ਪੰਥਕ ਧਿਰਾਂ ਵੱਲੋਂ 1992 ਦੀਆਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਮੌਕੇ ਮੈਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸੀ ਅਤੇ ਜੇਲ੍ਹ ਵਿੱਚੋਂ ਰਿਹਾਈ ਉਪਰੰਤ ਮੈਨੂੰ ਆਪਣਾ ਟਿਕਾਣਾ ਅੰਮ੍ਰਿਤਸਰ ਸਾਹਿਬ ਵਿਖੇ ਬਣਾਉਣਾ ਪਿਆ ।ਇਸ ਦੌਰਾਨ ਮੈਨੂੰ ਇੱਕ ਦਿਨ ਮਾਨ ਦਲ ਦੇ ਸ਼ਹਿਰੀ ਪ੍ਰਧਾਨ ਸਵ.ਦਲਜੀਤ ਸਿੰਘ ਸੰਧੂ ਨੇ ਆਖਿਆ ਕਿ “ਭਾਅ ਜੀ ਅੱਜ ਤੁਹਾਨੂੰ ਇੱਕ ਬੰਦੇ ਨਾਲ ਮਿਲਾਉਣਾ ਹੈ “। ਮੈਂ ਇਹ ਸੋਚ ਕਿ ਚੁੱਪ ਕਰਕੇ ਦਲਜੀਤ ਸਿੰਘ ਦੇ ਸਕੂਟਰ ਮਗਰ ਬੈਠ ਗਿਆ ਕਿ ਉਸਨੇ ਕਿਸੇ ਖਾੜਕੂ ਆਗੂ ਨਾਲ ਮੇਰੀ ਮੀਟਿੰਗ ਫਿਕਸ ਕੀਤੀ ਹੋਵੋਗੀ । ਇਸ ਦਲਜੀਤ ਸਿੰਘ ਸੰਧੂ ਨੇ ਹੀ ਉਹਨੀ ਦਿਨੀ ਮੇਰੀਆਂ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਕਈ ਹੋਰ ਖਾੜਕੂਆਂ ਆਗੂਆਂ ਨਾਲ ਕਈ ਮੀਟਿੰਗਾਂ ਦਾ ਪ੍ਰਬੰਧ ਕੀਤਾ ਸੀ । ਜਦੋਂ ਸੰਧੂ ਨੇ ਮੈਨੂੰ ਦੱਸਿਆ ਕਿ ਅਸੀਂ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਮਿਲਣ ਚੱਲੇ ਹਾਂ ਤਾਂ ਮੈਂ ਇਸ ਮੁਲਾਕਾਤ ਪ੍ਰਤੀ ਆਪਣੀ ਬੇਦਿਲੀ ਇਹ ਕਹਿੰਦਿਆ ਜ਼ਾਹਿਰ ਕੀਤੀ ਕਿ “ ਛੱਡ ਯਾਰ,ਮੇਰਾ ਇਹਨਾਂ ਕਾਮਰੇਡਾਂ ਬਾਰੇ ਬਹੁਤ ਕੌੜਾ ਤਜਰਬਾ ਹੈ “। ਪਰ ਸੰਧੂ ਦੇ ਜ਼ੋਰ ਦੇਣ ਉੱਤੇ ਮੈਂ ਖਾਲੜਾ ਸਾਹਿਬ ਨੂੰ ਮਿਲਿਆ ,ਇਸ ਮਿਲਣੀ ਦੌਰਾਨ ਖਾਲੜਾ ਸਾਹਿਬ ਨੇ ਮਾਨ ਦਲ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਬਾਰੇ ਮੇਰੀ ਰਾਏ ਵੀ ਜਾਣੀ ਸੀ ।ਉਸ ਤੋਂ ਬਾਅਦ ਅੰਮ੍ਰਿਤਸਰ ਰਹਿੰਦਿਆਂ ਕਈ ਵਾਰ ਖਾਲੜਾ ਸਾਹਿਬ ਨੂੰ ਮਿਲਦਾ ਰਿਹਾ ।ਉਸ ਤੋਂ ਬਾਅਦ ਜਲੰਧਰ ਅੱਜ ਦੀ ਆਵਾਜ਼ ਅਖਬਾਰ ਕੁੱਝ ਸਮਾਂ ਮੇਰਾ ਹੈੱਡਕੁਆਟਰ ਬਣਿਆ ,ਅਖਬਾਰ ਵਿੱਚ ਰਹਿੰਦੇ ਹੋਏ ਵੀ ਖਾਲੜਾ ਸਾਹਿਬ ਨਾਲ ਮੁਲਾਕਾਤਾਂ ਅਤੇ ਪੰਥਕ ਮਾਮਲਿਆਂ ਬਾਰੇ ਲੰਬੀਆਂ ਵਿਚਾਰਾਂ ਦਾ ਅਨੇਕਾਂ ਵਾਰ ਸਬੱਬ ਬਣਿਆ ।ਸ਼ੁਰੂਆਤ ਵਿੱਚ ਸਾਡੇ ਆਪਸੀ ਸਬੰਧਾਂ ਵਿੱਚ ਇੱਕ ਸਿੱਖ Activist ਅਤੇ left ਦੀ ਪਛਾਣ ਵਿੱਚਲੇ ਫ਼ਾਸਲੇ ਵਾਲੀ ਦੂਰੀ ਬਣੀ ਰਹੀ,ਪਰ ਆਪਸੀ ਮਿਲਾਪ ਦੇ ਲੰਬੇ ਸਿਲਸਿਲੇ ਤੋਂ ਬਾਅਦ ਇਹ ਫਾਸਲਾ ਲਗਭਗ ਮਿੱਟ ਗਿਆ ਸੀ । 1993 ਵਿੱਚ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮਾਮਲੇ ਵਿੱਚ ਖਾਲੜਾ ਸਾਹਿਬ ਅਤੇ ਮੇਰੀ ਪੁਜ਼ੀਸ਼ਨ ਇੱਕ ਦੂਜੇ ਦੇ ਆਹਮਣੇ-ਸਾਹਮਣੇ ਵਾਲੀ ਰਹੀ ।ਪਰ ਇਸ ਚੋਣ ਵਿੱਚ ਖਾਲੜਾ ਸਾਹਿਬ ਨੇ ਸਿੱਖ ਰਾਜਨੀਤੀ ਬਾਰੇ ਗੂੜ੍ਹਾ ਤਜਰਬਾ ਹਾਸਲ ਕੀਤਾ,ਜਿਸ ਬਾਰੇ ਉਹਨਾਂ ਅਖਬਾਰਾਂ ਵਿੱਚ ਇੱਕ ਲੰਬਾ ਆਰਟੀਕਲ ਵੀ ਲਿਖਿਆ ਸੀ ।
ਮੁੱਕਦੀ ਗੱਲ ਖਾਲੜਾ ਸਾਹਿਬ ਇੱਕ ਚੇਤੰਨ ਮਨੁੱਖ ਸਨ ।ਉਹ ਇਰਾਦੇ ਦੇ ਬਹੁਤ ਦ੍ਰਿੜ ਸਨ ।ਉਹ ਅਜਿਹੇ ਇਨਸਾਨ ਸਨ,ਜਿਨ੍ਹਾਂ ਨੂੰ ਕੋਈ ਸਹਿਜੇ ਆਪਣੀ ਗੱਲ ਨਾਲ ਸਹਿਮਤ ਨਹੀਂ ਕਰ ਸਕਦਾ ਸੀ । ਪਰ ਉਹ ਅੜੀਅਲ ਵੀ ਨਹੀਂ ਸਨ ,ਹਰੇਕ ਤਜਬਰੇ ਤੋਂ ਬਾਅਦ ਆਪਣੀ ਪੁਜ਼ੀਸ਼ਨ ਦੀ ਪੜਚੋਲ ਕਰਕੇ ਆਪਣੇ ਪਹਿਲੇ ਫੈਸਲੇ ਨੂੰ ਬਦਲਣ ਵਿੱਚ ਕਦੇ ਹੇਠੀ ਨਹੀਂ ਸਮਝਦੇ ਸਨ । 1994 ਵਿੱਚ ਜਦੋਂ ਮੈਂ ਅਤੇ ਜਸਪਾਲ ਸਿੰਘ ਢਿੱਲੋਂ ਨੇ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋ ਕੇ ਮਨੁੱਖੀ ਅਧਿਕਾਰ ਵਿੰਗ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਮੈਂ ਖਾਲੜਾ ਸਾਹਿਬ ਨੂੰ ਸਾਡੇ ਨਾਲ ਸ਼ਾਮਲ ਹੋਣ ਲਈ ਸਹਿਮਤ ਕਰ ਲਿਆ । ਉਹਨਾਂ ਦਾ ਮੇਰੇ ਕਹਿਣ ਉੱਤੇ ਮਨੁੱਖੀ ਅਧਿਕਾਰ ਵਿੰਗ ਦਾ ਹਿੱਸਾ ਬਨਣ ਲਈ ਸਹਿਮਤ ਹੋ ਜਾਣਾ ਹੀ ਸਾਡੇ ਦੋਹਾਂ ਵਿੱਚ ਬਣ ਚੁੱਕੀ ਵਿਚਾਰਧਾਰਕ ਸਾਂਝ ਦੀ ਨਿਸ਼ਾਨੀ ਸੀ । ਜਨਵਰੀ 1995 ਵਿੱਚ ਲਾਵਾਰਸ ਅਤੇ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਦੀ ਰਿਪੋਰਟ ਨੇ ਸਾਡੀ ਜੱਥੇਬੰਦੀ ਅਤੇ ਖਾਲੜਾ ਸਾਹਿਬ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਅਤੇ ਪਛਾਣ ਪ੍ਰਦਾਨ ਕੀਤੀ । ਖਾਲੜਾ ਸਾਹਿਬ ਦੀ ਇਹੋ ਪਛਾਣ ਅਤੇ ਪ੍ਰਸਿੱਧੀ ਭਾਰਤੀ ਸਟੇਟ ਅਤੇ ਉਸਦੇ ਹੱਥਧੋਕੇ ਪੁਲਸ ਅਫਸਰਾਂ ਨੂੰ ਰੜਕਣੀ ਸ਼ੁਰੂ ਹੋ ਗਈ ।
3 ਸਤੰਬਰ 1995 ਨੂੰ ਖਾਲੜਾ ਸਾਹਿਬ ਨਾਲ ਮੇਰੀ ਸਦਰ ਥਾਣਾ ਅੰਮ੍ਰਿਤਸਰ ਦੇ ਨੇੜੇ ਰਾਣੀ ਕਾ ਬਾਗ ਵਲ ਜਾਂਦੀ ਸੜਕ ਉੱਤੇ ਉਹਨਾਂ ਦੇ ਪਿੱਕਅਪ ਟਰੱਕ ਵਿੱਚ ਬੈਠ ਕੇ ਆਖ਼ਰੀ ਮੁਲਾਕਾਤ ਹੋਈ ਸੀ ।ਉਸ ਦਿਨ ਮੇਰਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਉਣ ਦਾ ਮਕਸਦ ਖਾਲੜਾ ਸਾਹਿਬ ਨੂੰ ਕੁੱਝ ਦਿਨਾਂ ਲਈ ਅੰਮ੍ਰਿਤਸਰ ਤੋਂ ਲਾਂਬੇ ਹੋਣ ਲਈ ਕਹਿਣਾ ਸੀ । ਬੇਅੰਤ ਸਿੰਘ ਦੀ 31 ਅਗਸਤ ਨੂੰ ਹੋਈ ਹੱਤਿਆ ਬਾਅਦ ਪੈਦਾ ਹੋਈ ਸਥਿਤੀ ਨੂੰ ਸਮਝਦਿਆਂ ਹੋਇਆਂ ਵੀ ਉਹ ਅੰਮ੍ਰਿਤਸਰ ਛੱਡਣ ਦੇ ਮੇਰੇ ਸੁਝਾਅ ਨਾਲ ਸਹਿਮਤ ਨਾ ਹੋਏ ।ਸ਼ਾਇਦ ਕੁਦਰਤ ਉਹਨਾਂ ਦੀ ਸ਼ਹਾਦਤ ਰੂਪੀ ਇੱਕ ਇਤਿਹਾਸਕ ਵਰਤਾਰੇ ਦੇ ਵਾਪਰਨ ਦਾ ਫੈਸਲਾ ਕਰ ਚੁੱਕੀ ਸੀ ।ਉਸ ਵਕਤ ਸਾਡੇ ਵਿੱਚੋਂ ਕੋਈ ਵੀ ਨਹੀਂ ਜਾਣਦਾ ਸੀ ਕਿ ਸਾਡੇ ਇਸ ਯਾਰ ਨੇ ਅੰਬਰਾਂ ਜਿਹੀਆਂ ਉਚਾਈਆਂ ਨੂੰ ਛੋਹ ਜਾਣਾ ਹੈ ।
ਖਾਲੜਾ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਦਾ ਸਮਾਂ ਸਾਡੀ ਜੱਥੇਬੰਦੀ ਅਤੇ ਖਾਸ ਕਰਕੇ ਮੇਰੇ ਲਈ ਬਹੁਤ ਚੁਨੌਤੀਆਂ ਭਰਪੂਰ ਸੀ । ਅਜਿਹੇ ਹਾਲਾਤ ਨੇ ਮੈਨੂੰ ਆਪਣੀਆਂ ਰਾਜਸੀ ਖਾਹਿਸ਼ਾਂ ਮਿਟਾ ਕੇ ਇਕ ਮਨੁੱਖੀ ਅਧਿਕਾਰ ਕਾਰਕੁਨ ਵਜੋਂ ਸੀਮਤ ਕਰ ਦਿੱਤਾ । ਉਹਨਾਂ ਦੀ ਸ਼ਹਾਦਤ ਤੋਂ ਬਾਅਦ ਮੈਂ ਲਗਾਤਾਰ ਦੱਸ ਸਾਲ ਲਾਵਾਰਸ ਲਾਸ਼ਾਂ ਦੇ ਕੇਸ ਲਈ ਤੱਥ ਇੱਕਠੇ ਕਰਨ ਅਤੇ ਕਾਨੂੰਨੀ ਪੈਰਵੀ ਨੂੰ ਸਮਰਪਿਤ ਕਰ ਦਿੱਤੇ ।ਇਸ ਕੰਮ ਲਈ ਇੱਕ ਵੱਡੀ ਹਮਾਇਤ ਜੁਟਾਉਣ ਲਈ ਮੈਂ ਅਤੇ ਰਾਮ ਨਰਾਇਣ ਕੁਮਾਰ ਨੇ ਵੱਖ-ਵੱਖ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ “ ਲਾਪਤਾ ਲੋਕਾਂ ਬਾਰੇ ਤਾਲਮੇਲ ਕਮੇਟੀ “ ( CCDP ) ਕਾਇਮ ਕੀਤੀ । ਬਾਅਦ ਵਿੱਚ ਸੁਪਰੀਮ ਕੋਰਟ ਤੋਂ ਰਿਟਾਇਰ ਹੋਣ ਤੋਂ ਬਾਅਦ ਸਵ.ਜਸਟਿਸ ਕੁਲਦੀਪ ਸਿੰਘ ਵੀ ਸਾਡੀ ਇਸ ਕਮੇਟੀ ਨਾਲ ਜੁੜ ਗਏ ,ਕਮੇਟੀ ਵੱਲੋਂ ਪੀਪਲਜ਼ ਕਮਿਸ਼ਨ ਬਣਾਉਣ ਵਿੱਚ ਜਸਟਿਸ ਕੁਲਦੀਪ ਸਿੰਘ ਦੀ ਮੁੱਖ ਭੂਮਿਕਾ ਰਹੀ ਸੀ । ਖਾਲੜਾ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਵੱਲੋਂ ਉਠਾਏ ਮੁੱਦੇ ਵਿੱਚ ਇਨਸਾਫ਼ ਦੀ ਪ੍ਰਾਪਤੀ ਲਈ ਲਗਾਤਾਰ ਦੱਸ ਸਾਲ ਦੀ ਜੱਦੋ-ਜਹਿਦ ਹੀ ਸਾਡੇ ਵੱਲੋਂ ਉਸ ਮਹਾਨ ਸ਼ਹੀਦ ਨੂੰ ਇੱਕ ਸੱਚੀ ਸਰਧਾਂਜਲੀ ਹੈ । ਅੱਜ ਜਦੋਂ ਸਿੱਖ ਕੌਮ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਖਾਲੜਾ ਸਾਹਿਬ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਨ ਤਾਂ ਮੇਰੇ ਸਮੇਤ ਉਹਨਾਂ ਦੇ ਤਮਾਮ ਸਾਥੀਆਂ ਦਾ ਸਿਰ ਵੀ ਮਾਣ ਨਾਲ ਉੱਚਾ ਹੋ ਜਾਂਦਾ ਹੈ ।ਖਾਲੜਾ ਸਾਹਿਬ ਦੀ ਸ਼ਹਾਦਤ ਨੇ ਇਹ ਦਰਸਾ ਦਿੱਤਾ ਕਿ ਵਿਚਾਰਾਂ ਅਤੇ ਉੱਚੇ ਸਿਧਾਂਤਾਂ ਲਈ ਸ਼ਾਂਤਮਈ ਢੰਗ ਨਾਲ ਦਿੱਤੀ ਸ਼ਹਾਦਤ ਦੀ ਵੀ ਸਿੱਖ ਮਾਨਸਿਕਤਾ ਵਿੱਚ ਵੱਡੀ ਮਹੱਤਤਾ ਰੱਖਦੀ ਹੈ ਅਤੇ ਸ਼ਾਂਤਮਈ ਢੰਗ ਨਾਲ ਦਿੱਤੀਆਂ ਅਜਿਹੀਆਂ ਕੁਰਬਾਨੀਆਂ ਵੀ ਸਫਲਤਾਵਾਂ ਦੇ ਵੱਡੇ ਰਸਤੇ ਖੋਲ੍ਹਣ ਦਾ ਬਲ ਵੀ ਰੱਖਦੀਆਂ ਹਨ ।
-ਆਵਾਜ਼ਿ ਕੌਮ ਬਿਊਰੋ

