National Shooting Player Alleges Sexual Exploitation by Coach Coach Ankush Bhardwaj in Haryana
ਹਰਿਆਣਾ ਵਿੱਚ ਨੈਸ਼ਨਲ ਸ਼ੂਟਿੰਗ ਖਿਡਾਰਨ ਨੇ ਕੋਚ ‘ਤੇ ਲਾਇਆ ਸਰੀਰਕ ਸ਼ੋਸ਼ਣ ਦਾ ਗੰਭੀਰ ਇਲਜ਼ਾਮ

08 ਜਨਵਰੀ 2026, ਫਰੀਦਾਬਾਦ – ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ 17 ਸਾਲਾ ਨੈਸ਼ਨਲ ਪੱਧਰ ਦੀ ਸ਼ੂਟਿੰਗ ਖਿਡਾਰਨ ਨੇ ਆਪਣੇ ਕੋਚ ਅੰਕੁਸ਼ ਭਾਰਦਵਾਜ ‘ਤੇ ਸਰੀਰਕ ਸ਼ੋਸ਼ਣ ਦਾ ਗੰਭੀਰ ਇਲਜ਼ਾਮ ਲਾਇਆ ਹੈ। ਪੀੜਤਾ ਨੇ ਦੱਸਿਆ ਕਿ ਕੋਚ ਨੇ ਮੁਕਾਬਲੇ ਤੋਂ ਬਾਅਦ ਚੰਗੇ ਪ੍ਰਦਰਸ਼ਨ ਬਾਰੇ ਚਰਚਾ ਕਰਨ ਦੇ ਬਹਾਨੇ ਉਸ ਨੂੰ ਫਰੀਦਾਬਾਦ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਬੁਲਾਇਆ ਅਤੇ ਉੱਥੇ ਕਮਰੇ ਵਿੱਚ ਲੈ ਜਾ ਕੇ ਸ਼ੋਸ਼ਣ ਕੀਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਕੋਚ ਨੇ ਕਰੀਅਰ ਖਤਮ ਕਰਨ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ।
ਪੀੜਤਾ ਕਈ ਦਿਨਾਂ ਤੱਕ ਸਦਮੇ ਵਿੱਚ ਰਹੀ ਅਤੇ ਬਾਅਦ ਵਿੱਚ ਪਰਿਵਾਰ ਨੂੰ ਸਾਰੀ ਘਟਨਾ ਦੱਸੀ। ਮਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਕੋਚ ਅੰਕੁਸ਼ ਭਾਰਦਵਾਜ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਜਾਂਚ ਪੂਰੀ ਹੋਣ ਤੱਕ ਉਸ ਨੂੰ ਮੁਅੱਤਲ ਰੱਖਣ ਦਾ ਐਲਾਨ ਕੀਤਾ ਹੈ।
ਕੋਚ ਅੰਕੁਸ਼ ਭਾਰਦਵਾਜ ਕਾਮਨਵੈਲਥ ਖੇਡਾਂ ਵਿੱਚ ਮੈਡਲ ਜੇਤੂ ਹੈ ਅਤੇ ਚੰਡੀਗੜ੍ਹ ਵਿੱਚ ਵੀ ਉਸ ਦੀ ਸ਼ੂਟਿੰਗ ਅਕੈਡਮੀ ਹੈ ਜਿੱਥੇ ਉਹ ਕੁੜੀਆਂ ਨੂੰ ਕੋਚਿੰਗ ਦਿੰਦਾ ਹੈ। ਹਰਿਆਣਾ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ‘ਚ ਨੋਟਿਸ ਲੈਂਦਿਆਂ ਪੁਲਿਸ ਕਮਿਸ਼ਨਰ ਤੋਂ ਜਾਣਕਾਰੀ ਮੰਗੀ ਹੈ। ਪੁਲਿਸ ਹੋਟਲ ਦੀ ਸੀਸੀਟੀਵੀ ਅਤੇ ਸਟਾਫ ਦੇ ਬਿਆਨ ਰਿਕਾਰਡ ਕਰ ਰਹੀ ਹੈ।
ਇਹ ਘਟਨਾ ਹਰਿਆਣਾ ਅਤੇ ਪੰਜਾਬ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਖਿਡਾਰਨਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਉਠ ਰਹੇ ਹਨ।
