NIA court rejects bail plea of Pulwama terror attack accused Insha Jan
NIA ਕੋਰਟ ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਦੋਸ਼ੀ ਇੰਸ਼ਾ ਜਾਨ ਦੀ ਜ਼ਮਾਨਤ ਅਰਜ਼ੀ ਕੀਤੀ ਖਾਰਜ
ਜੰਮੂ (ਆਵਾਜ਼ਿ ਕੌਮ ਬਿਊਰੋ)-ਜੰਮੂ ਦੀ ਇਕ ਵਿਸ਼ੇਸ਼ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਅਦਾਲਤ ਨੇ 2019 ‘ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦੇ 40 ਜਵਾਨਾਂ ਦੀ ਮੌਤ ਨਾਲ ਸੰਬੰਧਤ ਪੁਲਵਾਮਾ ਆਤਮਾਘਾਤੀ ਹਮਲੇ ਦੀ ਦੋਸ਼ੀ ਇੰਸ਼ਾ ਜਾਨ ਉਰਫ਼ ਇੰਸ਼ਾ ਤਾਰਿਕ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਇਹ ਮੰਨਣ ਲਈ ਪੂਰੇ ਸਬੂਤ ਹਨ ਕਿ ਉਸ ‘ਤੇ ਲੱਗੇ ਦੋਸ਼ ਪਹਿਲੀ ਨਜ਼ਰ ਸਹੀ ਹਨ। ਵਿਸ਼ੇਸ਼ ਅਦਾਲਤ ਪ੍ਰੇਮ ਸਾਗਰ ਨੇ 20 ਅਗਸਤ ਨੂੰ 15 ਪੰਨਿਆਂ ਦੇ ਆਦੇਸ਼ ‘ਚ ਕਿਹਾ ਕਿ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂਏਪੀਏ) ਦੀ ਧਾਰਾ 43-ਡੀ (5) ਦੇ ਅਧੀਨ ਕਾਨੂੰਨੀ ਰੋਕ ਲਾਗੂ ਹੁੰਦੀ ਹੈ ਅਤੇ ਉਸ ਪੜਾਅ ‘ਤੇ ਉਸ ਨੂੰ ਰਿਹਾਅ ਕਰਨ ਤੋਂ ਰੋਕਦੀ ਹੈ। ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਹਰਕੀਪੋਰਾ ਪਿੰਡ ਦੀ ਰਹਿਣ ਵਾਲੀ ਜਾਨ ਨੂੰ ਤਿੰਨ ਮਾਰਚ, 2020 ਨੂੰ ਉਸ ਦੇ ਪਤਿਾ ਪੀਰ ਤਾਰਿਕ ਅਹਿਮਦ ਸ਼ਾਹ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਨ ਖ਼ਿਲਾਫ਼ ਰਣਬੀਰ ਸਜ਼ਾ ਸੰਹਿਤਾ, ਯੂਏਪੀਏ, ਹਥਿਆਰ ਕਾਨੂੰਨ ਅਤੇ ਵਿਸਫੋਟਕ ਪਦਾਰਥ ਐਕਟ ਲਗਾਏ ਗਏ ਹਨ। ਅਦਾਲਤ ਨੇ 10 ਦਸੰਬਰ 2022 ਨੂੰ ਉਸ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ। ਐੱਨਈਏ ਦੇ ਇਕ ਦੋਸ਼ ਪੱਤਰ ਅਨੁਸਾਰ, ਜਾਨ ਅੱਤਵਾਦੀ ਸਾਜਿਸ਼ ‘ਚ ਸ਼ਾਮਲ ਸੀ ਅਤੇ ਪਾਕਿਸਤਾਨੀ ਅੱਤਵਾਦੀ ਮੁਹੰਮਦ ਉਮਰ ਫਾਰੂਕ ਦੇ ਲਗਾਤਾਰ ਸੰਪਰਕ ‘ਚ ਸੀ। ਫਾਰੂਕ ਇਕ ਹੋਰ ਪਾਕਿਸਤਾਨੀ ਅੱਤਵਾਦੀ ਮੁਹੰਮਦ ਕਾਮਰਾਨ ਅਲੀ ਦੇ ਨਾਲ ਮਿਲ ਕੇ ਪੁਲਵਾਮਾ ਹਮਲੇ ਦੀ ਸਾਜ਼ਿਸ਼ ‘ਚ ਸ਼ਾਮਲ ਸੀ। ਉਨ੍ਹਾਂ ਨੂੰ ਬਾਅਦ ‘ਚ ਸੁਰੱਖਿਆ ਬਲਾਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਮਾਰ ਦਿੱਤਾ। ਜਾਨ ‘ਤੇ 2 ਅੱਤਵਾਦੀਆਂ ਅਤੇ ਜੈਸ਼-ਏ-ਮੁਹੰਮਦ ਦੇ ਹੋਰ ਮੈਂਬਰਾਂ ਨੂੰ ਭੋਜਨ, ਪਨਾਹ ਅਤੇ ਹੋਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦਾ ਵੀ ਦੋਸ਼ ਹੈ। ਇਸ ਤੋਂ ਇਲਾਵਾ, ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਦਾ ਵੀਡੀਓ, ਜੋ ਕਿ 14 ਫਰਵਰੀ, 2019 ਦੇ ਹਮਲੇ ਤੋਂ ਬਾਅਦ ਪ੍ਰਸਾਰਿਤ ਹੋਇਆ ਸੀ, ਕਥਿਤ ਤੌਰ ‘ਤੇ 28 ਅਤੇ 29 ਜਨਵਰੀ ਨੂੰ ਜਾਨ ਦੇ ਘਰ ‘ਤੇ ਰਿਕਾਰਡ ਕੀਤਾ ਗਿਆ ਸੀ। ਬਚਾਅ ਪੱਖ ਅਤੇ ਐੱਨਆਈਏ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਅਦਾਲਤ ਨੇ ਜਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਬਚਾਅ ਪੱਖ ਨੇ ਮੁੱਖ ਤੌਰ ‘ਤੇ ਜਾਨ ਦੀ ਲੰਬੀ ਨਜ਼ਰਬੰਦੀ, ਮੁਕੱਦਮੇ ‘ਚ ਕਥਿਤ ਦੇਰੀ ਅਤੇ ਉਸ ਦੀ ਸਿਹਤ ਸਥਿਤੀ ਦਾ ਹਵਾਲਾ ਦਿੱਤਾ। ਐੱਨਆਈਏ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ, ਦੋਸ਼ਾਂ ਦੀ ਗੰਭੀਰਤਾ, ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਅਤੇ ਯੂਏਪੀਏ ਦੀ ਧਾਰਾ 43-ਡੀ(5) ਦੇ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਦਾ ਹਵਾਲਾ ਦਿੰਦੇ ਹੋਏ। ਬਚਾਅ ਪੱਖ ਨੇ ਕਿਹਾ ਕਿ ਜਾਨ ਛੇ ਸਾਲਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਹੈ। ਇਸ ਨੇ ਦਲੀਲ ਦਿੱਤੀ ਕਿ ਮੁਕੱਦਮੇ ‘ਚ ਲੰਮੀ ਦੇਰੀ ਕਾਰਨ ਉਸਦੇ ਮੁਵੱਕਿਲ ਦੀ ਲਗਾਤਾਰ ਹਿਰਾਸਤ ਗੈਰ-ਵਾਜਬ ਸੀ।

