‘Operation Hard Ball’: US takes major action against Lawrence-Goldie gang; 24 arrested
‘ਆਪ੍ਰੇਸ਼ਨ ਹਾਰਡ ਬਾਲ’: ਲਾਰੈਂਸ-ਗੋਲਡੀ ਗੈਂਗ ’ਤੇ ਅਮਰੀਕਾ ਦੀ ਵੱਡੀ ਕਾਰਵਾਈ; 24 ਗ੍ਰਿਫ਼ਤਾਰ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਨਿਆਂ ਵਿਭਾਗ ਨੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਖ਼ਿਲਾਫ਼ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਕਾਰਵਾਈਆਂ ਵਿਚੋਂ ਇਕ ‘ਆਪ੍ਰੇਸ਼ਨ ਹਾਰਡ ਬਾਲ’ ਚਲਾਉਂਦੇ ਹੋਏ ਭਾਰਤੀ ਮੂਲ ਦੇ ਕਈ ਖਤਰਨਾਕ ਗੈਂਗਸਟਰਾਂ ਦੇ ਨੈੱਟਵਰਕ ’ਤੇ ਵੱਡਾ ਸ਼ਿਕੰਜਾ ਕੱਸਿਆ ਹੈ। ਇਸ ਸਾਂਝੀ ਮੁਹਿੰਮ ਤਹਿਤ ਅਮਰੀਕਾ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਰੋਹਿਤ ਗੋਦਾਰਾ, ਜੱਗੂ ਭਗਵਾਨਪੁਰੀਆ ਸਮੇਤ 37 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ, ਜਿਸ ਵਿਚ ਪੰਜਾਬ ਪੁਲਸ ਦਾ ਇਕ ਐੱਸ. ਐੱਚ. ਓ. ਵੀ ਸ਼ਾਮਲ ਹੈ। ਇਸ ਮੁਹਿੰਮ ਦੌਰਾਨ ਅਮਰੀਕਾ, ਕੈਨੇਡਾ ਅਤੇ ਯੂਰਪ ਤੋਂ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 10 ਮੁਲਜ਼ਮ ਫ਼ਰਾਰ ਦੱਸੇ ਗਏ ਹਨ। ਅਮਰੀਕੀ ਜਾਂਚ ਏਜੰਸੀਆਂ ਅਨੁਸਾਰ ਇਹ ਨੈੱਟਵਰਕ ਸਿਰਫ਼ ਭਾਰਤ ਤੱਕ ਸੀਮਤ ਨਹੀਂ ਸੀ, ਬਲਕਿ ਅਮਰੀਕਾ, ਕੈਨੇਡਾ, ਬ੍ਰਿਟੇਨ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੱਕ ਫੈਲਿਆ ਹੋਇਆ ਸੀ। ਦੋਸ਼ ਹੈ ਕਿ ਇਹ ਗਿਰੋਹ ਕਤਲ, ਸੁਪਾਰੀ ਕਿਲਿੰਗ, ਰੰਗਦਾਰੀ, ਡਰੱਗ ਸਮੱਗਲਿੰਗ, ਹਥਿਆਰਾਂ ਦੀ ਸਪਲਾਈ, ਅਗਵਾ, ਮਨੁੱਖੀ ਤਸਕਰੀ (ਹਿਊਮਨ ਟ੍ਰੈਫਿਕਿੰਗ) ਅਤੇ ਮਨੀ ਲਾਂਡਰਿੰਗ ਵਰਗੇ ਸੰਗਠਿਤ ਅਪਰਾਧਾਂ ਵਿਚ ਸਰਗਰਮ ਸੀ। ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ 13 ਮੁਲਜ਼ਮਾਂ ਨੂੰ ਅਮਰੀਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚੋਂ 11 ਕੈਲੀਫੋਰਨੀਆ, ਇਕ ਇੰਡੀਆਨਾ ਅਤੇ ਇਕ ਜਾਰਜੀਆ ਤੋਂ ਫੜਿਆ ਗਿਆ। ਇਸ ਤੋਂ ਇਲਾਵਾ ਕੈਨੇਡਾ ਤੋਂ 3 ਅਤੇ ਸਪੇਨ ਤੋਂ ਇਕ ਮੁਲਜ਼ਮ ਗ੍ਰਿਫ਼ਤਾਰ ਹੋਇਆ। 7 ਮੁਲਜ਼ਮ ਪਹਿਲਾਂ ਹੀ ਹੋਰ ਮਾਮਲਿਆਂ ਵਿਚ ਜੇਲ ਵਿਚ ਬੰਦ ਸਨ। ਜਾਂਚ ਏਜੰਸੀਆਂ ਅਨੁਸਾਰ ਅਜੇ 7 ਮੁਲਜ਼ਮ ਅਮਰੀਕਾ, 2 ਭਾਰਤ ਅਤੇ ਇਕ ਯੂਰਪ ’ਚ ਫ਼ਰਾਰ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ। ਸਾਂਝੀ ਮੁਹਿੰਮ ਦੌਰਾਨ ਜਾਂਚ ਏਜੰਸੀਆਂ ਨੇ ਤਕਰੀਬਨ 1,000 ਕਿਲੋ ਕੋਕੀਨ, ਇਕ ਕਿਲੋ ਹੈਰੋਇਨ, 40 ਹਜ਼ਾਰ ਅਮਰੀਕੀ ਡਾਲਰ ਨਕਦ ਅਤੇ 12 ਹਥਿਆਰ ਬਰਾਮਦ ਕੀਤੇ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ 23 ਅਤੇ ਲਾਸ ਏਂਜਲਸ ਖੇਤਰ ਵਿਚ 11 ਥਾਵਾਂ ’ਤੇ ਇਕੋ ਵੇਲੇ ਛਾਪੇਮਾਰੀ ਕੀਤੀ ਗਈ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ 33 ਸਾਲਾ ਲਾਰੈਂਸ ਬਿਸ਼ਨੋਈ, ਜੋ ਕਈ ਸਾਲਾਂ ਤੋਂ ਭਾਰਤ ਦੀ ਜੇਲ ਵਿਚ ਬੰਦ ਹੈ, ਕਥਿਤ ਤੌਰ ’ਤੇ ਜੇਲ ਦੇ ਅੰਦਰ ਸਮੱਗਲਿੰਗ ਰਾਹੀਂ ਪਹੁੰਚਾਏ ਗਏ ਮੋਬਾਈਲ ਫ਼ੋਨਾਂ ਅਤੇ ਇੰਟਰਨੈੱਟ ਕਾਲਿੰਗ ਦੇ ਜ਼ਰੀਏ ਆਪਣੇ ਪੂਰੇ ਨੈੱਟਵਰਕ ਦਾ ਸੰਚਾਲਨ ਕਰਦਾ ਸੀ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਉਹ ਕਤਲ, ਸਿਆਸੀ ਕਤਲ, ਰੰਗਦਾਰੀ, ਅਗਵਾ, ਡਰੱਗ ਸਮੱਗਲਿੰਗ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦੀ ਯੋਜਨਾ ਬਣਾ ਕੇ ਆਪਣੇ ਸਾਥੀਆਂ ਨੂੰ ਨਿਰਦੇਸ਼ ਦਿੰਦਾ ਸੀ। ਅਮਰੀਕੀ ਜਾਂਚ ਅਨੁਸਾਰ ਗੋਲਡੀ ਬਰਾੜ ਉੱਤਰੀ ਅਮਰੀਕਾ ਵਿਚ ਅਤੇ ਰੋਹਿਤ ਗੋਦਾਰਾ ਯੂਰਪ ਵਿਚ ਬਿਸ਼ਨੋਈ ਗੈਂਗ ਦੇ ਮੁੱਖ ਆਪ੍ਰੇਸ਼ਨਲ ਕਮਾਂਡਰ ਸਨ। ਦੋਵਾਂ ’ਤੇ ਦੋਸ਼ ਹੈ ਕਿ ਉਹ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ਨੂੰ ਵੱਖ-ਵੱਖ ਦੇਸ਼ਾਂ ਵਿਚ ਲਾਗੂ ਕਰਵਾਉਂਦੇ ਸਨ ਅਤੇ ਗੈਂਗ ਦੀਆਂ ਗਤੀਵਿਧੀਆਂ ਦਾ ਸੰਚਾਲਨ ਕਰਦੇ ਸਨ। ਚਾਰਜਸ਼ੀਟ ਵਿਚ ਜੂਨ, 2023 ’ਚ ਕੈਨੇਡਾ ਦੇ ਸਰੀ ਸ਼ਹਿਰ ਵਿਚ Bhai ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਅਮਰੀਕੀ ਸਰਕਾਰੀ ਧਿਰ ਦਾ ਦੋਸ਼ ਹੈ ਕਿ ਇਸ ਕਤਲ ਦਾ ਹੁਕਮ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਦਿੱਤਾ ਸੀ। ਹਾਲਾਂਕਿ ਅਮਰੀਕੀ ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਦੋਸ਼ ਜਾਂਚ ਅਤੇ ਮੁਕੱਦਮੇ ਦਾ ਹਿੱਸਾ ਹਨ ਅਤੇ ਇਨ੍ਹਾਂ ’ਤੇ ਅੰਤਿਮ ਫ਼ੈਸਲਾ ਅਦਾਲਤ ਵੱਲੋਂ ਸੁਣਵਾਈ ਤੋਂ ਬਾਅਦ ਹੀ ਹੋਵੇਗਾ। ਚਾਰਜਸ਼ੀਟ ਅਨੁਸਾਰ ਨਵੰਬਰ, 2023 ਵਿਚ ਕੈਨੇਡਾ ’ਚ ਰਹਿਣ ਵਾਲੇ ਇਕ ਪ੍ਰਮੁੱਖ ਭਾਰਤੀ ਅਦਾਕਾਰ ਅਤੇ ਗਾਇਕ ਦੇ ਘਰ ’ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਵੀ ਕਥਿਤ ਤੌਰ ’ਤੇ ਬਿਸ਼ਨੋਈ ਗੈਂਗ ਨੇ ਲਈ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪੰਜਾਬੀ ਭਾਸ਼ਾ ਵਿਚ ਧਮਕੀ ਭਰਿਆ ਸੰਦੇਸ਼ ਵੀ ਪੋਸਟ ਕੀਤਾ ਗਿਆ ਸੀ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਗੈਂਗ ਨੂੰ ਸਭ ਤੋਂ ਵੱਡੀ ਆਮਦਨ ਅੰਤਰਰਾਸ਼ਟਰੀ ਡਰੱਗ ਸਮੱਗਲਿੰਗ ਤੋਂ ਹੁੰਦੀ ਸੀ। ਚਾਰਜਸ਼ੀਟ ਅਨੁਸਾਰ ਨਵੰਬਰ, 2024 ਵਿਚ ਅਮਰੀਕਾ ਤੋਂ ਕੈਨੇਡਾ ਭੇਜੀ ਜਾ ਰਹੀ 49 ਕਿਲੋ ਕੋਕੀਨ ਜ਼ਬਤ ਕੀਤੀ ਗਈ ਸੀ। ਇਸ ਤੋਂ ਇਲਾਵਾ ਮਾਰਚ, 2024 ਤੋਂ ਜੁਲਾਈ, 2025 ਦੇ ਵਿਚਕਾਰ ਲੱਗਭਗ 520 ਕਿਲੋ ਕੋਕੀਨ ਵਿਰੋਧੀ ਡਰੱਗ ਸਮੱਗਲਰਾਂ ਤੋਂ ਲੁੱਟਣ ਦੇ ਵੀ ਦੋਸ਼ ਲਾਏ ਗਏ ਹਨ। ਜਾਂਚਕਰਤਾਵਾਂ ਦਾ ਦਾਅਵਾ ਹੈ ਕਿ ਇਸੇ ਪੈਸੇ ਨਾਲ ਗੈਂਗ ਆਪਣੇ ਅੰਤਰਰਾਸ਼ਟਰੀ ਨੈੱਟਵਰਕ ਦਾ ਵਿਸਤਾਰ ਕਰਦਾ ਸੀ।
ਦੂਜੀ ਚਾਰਜਸ਼ੀਟ ਵਿਚ ਜੱਗੂ ਭਗਵਾਨਪੁਰੀਆ ਅਤੇ ਉਸ ਦੇ 16 ਸਾਥੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਸ ਗੈਂਗ ਦੇ ਦੁਨੀਆ ਭਰ ਵਿਚ 1,000 ਤੋਂ ਵੱਧ ਮੈਂਬਰ ਅਤੇ ਸਾਥੀ ਹਨ, ਜਦਕਿ ਇਕੱਲੇ ਅਮਰੀਕਾ ਵਿਚ 100 ਤੋਂ ਵੱਧ ਮੈਂਬਰ ਸਰਗਰਮ ਹਨ। ਇਸ ਗਿਰੋਹ ’ਤੇ ਕਤਲ, ਸੁਪਾਰੀ ਕਿਲਿੰਗ, ਅਗਵਾ, ਹਥਿਆਰਾਂ ਦੀ ਸਮੱਗਲਿੰਗ, ਡਰੱਗਜ਼ ਕਾਰੋਬਾਰ ਅਤੇ ਰੰਗਦਾਰੀ ਵਰਗੇ ਗੰਭੀਰ ਦੋਸ਼ ਲਾਏ ਗਏ ਹਨ।
ਚਾਰਜਸ਼ੀਟ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਗੈਂਗ ਨੇ ਭਾਰਤ ਵਿਚ ਕੁਝ ਭ੍ਰਿਸ਼ਟ ਪੁਲਸ ਅਤੇ ਸਰਕਾਰੀ ਅਧਿਕਾਰੀਆਂ ਦਾ ਇਸਤੇਮਾਲ ਕਰ ਕੇ ਵਿਰੋਧੀਆਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰਵਾਏ ਅਤੇ ਬਾਅਦ ਵਿਚ ਸਮਝੌਤੇ ਦੇ ਨਾਂ ’ਤੇ ਵਸੂਲੀ ਕੀਤੀ।
ਤੀਜੀ ਚਾਰਜਸ਼ੀਟ ਵਿਚ ਰਵਿੰਦਰ ਸਿੰਘ ਢਾਂਡਾ ਉਰਫ਼ ਰੈਂਡੀ, ਰੌਲੈਕਸ ਅਤੇ ਜੌਨ ਵਿਕ ਸਮੇਤ 11 ਲੋਕਾਂ ’ਤੇ ਦੋਸ਼ ਲਾਏ ਗਏ ਹਨ। ਜਾਂਚ ਅਨੁਸਾਰ ਇਹ ਨੈੱਟਵਰਕ ਅਮਰੀਕਾ ਤੋਂ ਕੈਨੇਡਾ ਤੱਕ ਹਰ ਹਫ਼ਤੇ ਸੈਂਕੜੇ ਕਿਲੋਗ੍ਰਾਮ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਸਮੱਗਲਿੰਗ ਕਰਦਾ ਸੀ। ਡਰੱਗਜ਼ ਨੂੰ ਲੰਮੀ ਦੂਰੀ ਤੈਅ ਕਰਨ ਵਾਲੇ ਟਰੱਕਾਂ ਅਤੇ ਖੇਤੀਬਾੜੀ ਦੇ ਕੰਮਾਂ ਵਿਚ ਵਰਤੇ ਜਾਣ ਵਾਲੇ ਵਾਹਨਾਂ ’ਚ ਲੁਕੋ ਕੇ ਸਰਹੱਦ ਪਾਰ ਪਹੁੰਚਾਇਆ ਜਾਂਦਾ ਸੀ। ਇਨ੍ਹਾਂ ’ਤੇ ਜੁਲਾਈ, 2023 ਤੋਂ ਨਵੰਬਰ, 2024 ਦੇ ਵਿਚਕਾਰ 430 ਕਿਲੋਗ੍ਰਾਮ ਤੋਂ ਵੱਧ ਕੋਕੀਨ ਦੀ ਸਮੱਗਲਿੰਗ ਦੇ ਦੋਸ਼ ਲਾਏ ਗਏ ਹਨ।
‘ਆਪ੍ਰੇਸ਼ਨ ਹਾਰਡ ਬਾਲ’ ਵਿਚ ਐੱਫ. ਬੀ. ਆਈ. , ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ, ਰਾਇਲ ਕੈਨੇਡੀਅਨ ਮਾਊਂਟਿਡ ਪੁਲਸ, ਲਾਸ ਏਂਜਲਸ ਪੁਲਸ, ਅਮਰੀਕੀ ਕਸਟਮ ਏਜੰਸੀ, ਸਪੇਨ ਦੀਆਂ ਸੁਰੱਖਿਆ ਏਜੰਸੀਆਂ ਸਮੇਤ ਕਈ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਨੇ ਸਾਂਝੇ ਤੌਰ ’ਤੇ ਕਾਰਵਾਈ ਕੀਤੀ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਇਹ ਮੁਹਿੰਮ ਸਿਰਫ਼ ਇਕ ਸ਼ੁਰੂਆਤ ਹੈ ਅਤੇ ਭਵਿੱਖ ਵਿਚ ਵੀ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨੈੱਟਵਰਕ ਖ਼ਿਲਾਫ਼ ਇਸੇ ਤਰ੍ਹਾਂ ਦੀ ਸਾਂਝੀ ਕਾਰਵਾਈ ਜਾਰੀ ਰਹੇਗੀ।

