Oversized tipper truck hits utility pole; power supply disrupted in several areas
ਓਵਰਹਾਈਟ ਟਿੱਪਰ ਨੇ ਖੰਭੇ ਨੂੰ ਮਾਰੀ ਟੱਕਰ, ਕਈ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਨਗਰ ਨਿਗਮ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਟਿੱਬਾ ਰੋਡ ’ਤੇ ਸੋਮਵਾਰ ਦੀ ਦੇਰ ਰਾਤ ਨੂੰ ਇਕ ਭਿਆਨਕ ਹਾਦਸੇ ਕਾਰਨ ਹਫੜਾ-ਦਫੜੀ ਮਚ ਗਈ। ਦਹਿਸ਼ਤ ਦੇ ਮਾਰੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਓਧਰ ਭੱਜਦੇ ਹੋਏ ਦਿਖਾਈ ਦਿੱਤੇ ਅਤੇ ਬਚਾਓ-ਬਚਾਓ ਦਾ ਚੀਕ-ਚਿਹਾੜਾ ਇਲਾਕੇ ਵਿਚ ਵਿਚ ਗੂੰਜ ਉੱਠਿਆ। ਜਾਣਕਾਰੀ ਮੁਤਾਬਕ ਟਿੱਬਾ ਰੋਡ ਇਲਾਕੇ ਵਿਚ ਓਵਰਹਾਈਟ ਟਿੱਪਰ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਬਿਜਲੀ ਦੇ ਖੰਭਿਆ ਨਾਲ ਜਾ ਟਕਰਾਇਆ। ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਟੱਕਰ ਇੰਨੀ ਜ਼ੋਰਦਾਰ ਸੀ ਕਿ ਘਰਾਂ ਵਿਚ ਬੈਠੇ ਲੋਕ ਦਹਿਸ਼ਤ ਦੇ ਮਾਰੇ ਕੰਭ ਉੱਠੇ। ਮੰਨੋ ਜਿਵੇਂ ਇਲਾਕੇ ਵਿਚ ਕੋਈ ਜ਼ੋਰਦਾਰ ਧਮਾਕਾ ਹੋ ਗਿਅਾ ਹੋਵੇ। ਇਸ ਦੌਰਾਨ ਸੜਕ ਤੋਂ ਗੁਜ਼ਰ ਰਹੇ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਹਾਦਸੇ ਦੌਰਾਨ ਬਿਜਲੀ ਦੇ ਕਈ ਖੰਭੇ ਅਤੇ ਤਾਰਾਂ ਦੇ ਜਾਲ ਟੁੱਟ ਕੇ ਸੜਕ ’ਤੇ ਵਿਛ ਗਏ, ਜਿਸ ਕਾਰਨ ਸੜਕ ’ਤੇ ਆਵਾਜਾਈ ਰਾਤ ਕਰੀਬ ਸਾਢੇ 4 ਵਜੇ ਤੱਕ ਠੱਪ ਪਈ ਰਹੀ। ਸੜਕ ਦੇ ਦੋਵੇਂ ਪਾਸੇ ਭਾਰੀ ਟ੍ਰੈਫਿਕ ਜਾਮ ਲੱਗਾ ਰਿਹਾ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਦਸੇ ਤੋਂ ਤੁਰੰਤ ਬਾਅਦ ਬਿਜਲੀ ਦੀ ਸਪਲਾਈ ਬਿਜਲੀ ਦੀ ਸਪਲਾਈ ਠੱਪ ਪੈਣ ਕਾਰਨ ਕਈ ਇਲਾਕਿਆਂ ਵਿਚ ਹਨੇਰਾ ਪੱਸਰ ਗਿਆ। ਸੋਮਵਾਰ ਦੀ ਦੇਰ ਰਾਤ ਤੋਂ ਲੈ ਕੇ ਮੰਗਲਵਾਰ ਸਵੇਰ ਤੱਕ ਲੋਕਾ ਨੂੰ ਬਿਜਲੀ ਅਤੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਨਾਲ ਜੂਝਣਾ ਪਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਫੋਕਲ ਪੁਆਇੰਟ ਡਵੀਜ਼ਨ ਵਿਚ ਤਾਇਨਾਤ ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਕਿਹਾ ਕਿ ਦੇਰ ਰਾਤ ਨੂੰ ਹੋਏ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਹੀ ਵਿਭਾਗੀ ਮੁਲਾਜ਼ਮਾਂ ਦੀ ਟੀਮ ਨੂੰ ਮੌਕੇ ’ਤੇ ਭੇਜ ਕੇ ਬਿਜਲੀ ਦੇ ਖੰਭੇ ਨੂੰ ਸਡਕ ਤੋਂ ਹਟਾਉਂਦੇ ਹੋਏ ਇਲਾਕੇ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਖਤਮ ਕੀਤਾ ਗਿਆ। ਬਿਜਲੀ ਦੇ ਲੋਡ ਨੂੰ ਹੋਰ ਟ੍ਰਾਂਸਫਰ ’ਤੇ ਸ਼ਿਫਟ ਕਰਕੇ ਪੂਰੇ ਇਲਾਕੇ ਵਿਚ ਬਿਜਲੀ ਦੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਸੀ, ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

