ਪੰਥਕ ਅਕਾਲੀ ਲਹਿਰ ਵੱਲੋਂ ਹੜ ਪੀੜਤ 50 ਤੋਂ ਵੱਧ ਪਿੰਡਾਂ ਦੇ ਗ੍ਰੰਥੀ ਸਿੰਘਾਂ ਦਾ ਸਨਮਾਨ ਅਤੇ ਵਿੱਤੀ ਸਹਾਇਤਾ

ਪੰਥਕ ਅਕਾਲੀ ਲਹਿਰ ਵੱਲੋਂ ਪਿੰਡ ਠੇਠਰਕੇ ਨੇੜੇ ਡੇਰਾ ਬਾਬਾ ਨਾਨਕ ਵਿਖੇ ਹੜਾਂ ਤੋਂ ਪ੍ਰਭਾਵਿਤ 50 ਤੋਂ ਵੱਧ ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕਰਨ ਅਤੇ ਉਹਨਾਂ ਨੂੰ ਵਿੱਤੀ ਮਦਦ ਦੇਣ ਲਈ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਮੇਤ ਸਮੁੱਚੇ ਵਿਸ਼ਵ ਵਿੱਚ ਵੱਖ-ਵੱਖ ਗੁਰੂਘਰਾਂ ਵਿੱਚ ਸੇਵਾ ਕਰਦੇ ਰਾਗੀ ਸਿੰਘਾ ਪਾਠੀ ਸਿੰਘਾਂ ਅਤੇ ਗ੍ਰੰਥੀ ਸਿੰਘਾਂ ਨੂੰ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਬਣਦੀ ਭੇਟਾ ਅਤੇ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਹੈ ਜੋ ਕਿ ਸਮੁੱਚੇ ਪੰਥ ਅਤੇ ਪੰਥਕ ਰਵਾਇਤਾਂ ਲਈ ਬਹੁਤ ਹੀ ਚਿੰਤਾ ਵਾਲਾ ਪਹਿਲੂ ਹੈ।ਇਸ ਲਈ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਜ਼ੀਰਾਂ ਗ੍ਰੰਥੀ ਸਿੰਘਾਂ ਨੂੰ ਸਨਮਾਨ ਦੇਣ ਤੋਂ ਇਲਾਵਾ ਉਹਨਾਂ ਦਾ ਜੀਵਨ ਪੱਧਰ ਖੁਸ਼ਹਾਲ ਬਣਾਉਣ ਲਈ ਸੰਗਤ ਨੂੰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਯਤਨ ਕਰਨੇ ਚਾਹੀਦੇ ਹਨ।ਸਿੰਘ ਸਾਹਿਬ ਨੇ ਕਿਹਾ ਕਿ ਜਦੋਂ ਸੰਗਤ ਨੇ ਤਾਕਤ ਬਖਸ਼ੀ ਤਾਂ ਗੁਰੂ ਘਰਾਂ ਦੇ ਗ੍ਰੰਥੀ ਪਾਠੀ ਅਤੇ ਰਾਗੀ ਸਿੰਘਾਂ ਦਾ ਜੀਵਨ ਪੱਧਰ ਬਦਲਿਆ ਜਾਵੇਗਾ।

ਇਸ ਸਮਾਗਮ ਦੇ ਵਿੱਚ ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲੇ,ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ,ਬਾਬਾ ਕਸ਼ਮੀਰਾ ਸਿੰਘ ਜੀ ਅਲਹੌਰਾ ਵਾਲੇ,ਭਾਈ ਤਰਲੋਚਨ ਸਿੰਘ ਜੀ ਹੈਡ ਗ੍ਰੰਥੀ ਅਲਾਹੌਰਾਂ ਵਾਲੇ,ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਮੈਬਰ ਐਸਜੀਪੀਸੀ,ਡਾਕਟਰ ਬਾਬਾ ਹਰਦੇਵ ਸਿੰਘ ਜੀ ਅਲਹੋਰਾਂ ਵਾਲੇ,ਗਿਆਨੀ ਗੁਰਤਾਰ ਸਿੰਘ ਚੱਪੜ,ਬੀਬੀ ਸੁਖਵਿੰਦਰ ਕੌਰ ਬਾਜਵਾ,ਰਜਿੰਦਰ ਸਿੰਘ ਜਾਗਲਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ,ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਭਾਈ ਰਵੇਲ ਸਿੰਘ ਸਹਾਇਪੁਰ,ਭਾਈ ਜੋਗਿੰਦਰ ਸਿੰਘ ਨਾਨੋਵਾਲ,ਡਾਕਟਰ ਗੁਰਦੇਵ ਸਿੰਘ,ਰਜਿੰਦਰ ਸਿੰਘ ਭੰਗੂ ਹਾਂਜੀ,ਗੁਰਪ੍ਰੀਤ ਸਿੰਘ ਠੇਠਰ ਕੇ,ਸੁਖਵੰਤ ਸਿੰਘ ਮੀਆਂਕੋਟ,ਬਲਵਿੰਦਰ ਸਿੰਘ ਬਾਜਵਾ,ਕੇਵਲ ਸਿੰਘ ਕੰਗ,ਗੁਰਮੀਤ ਸਿੰਘ ਮਗਰਾਲਾ,ਭਾਈ ਲਖਵਿੰਦਰ ਸਿੰਘ ਆਧੀਆਂ,ਭਾਈ ਰਣਜੀਤ ਸਿੰਘ ਖਾਲਸਾ,ਭਾਈ ਜੀਤ ਸਿੰਘ ਜੀ ਸਰਪ੍ਰਸਤ ਪੰਥਕ ਅਕਾਲੀ ਲਹਿਰ ਜ਼ਿਲਾ ਗੁਰਦਾਸਪੁਰ,ਰਜਿੰਦਰ ਸਿੰਘ ਕਾਲੂ,ਦਲਵਿੰਦਰ ਸਿੰਘ ਪ੍ਰਧਾਨ,ਸ਼ਮਸ਼ੇਰ ਸਿੰਘ ਖਾਸਾਵਾਲ,ਭਾਈ ਕੁਲਦੀਪ ਸਿੰਘ ਕਲਾਨੌਰ ਵੱਲੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਅਹਿਮ ਸੇਵਾਵਾਂ ਨਿਭਾਉਣ ਤੋਂ ਇਲਾਵਾ ਨਗਦੀ ਭੇਟਾਂ ਦੇ ਕੇ ਵੀ ਮਦਦ ਕੀਤੀ ਗਈ। ਇਸ ਮੌਕੇ ਭਾਈ ਰਣਜੀਤ ਸਿੰਘ ਅਤੇ ਸੰਤ ਬਾਬਾ ਭੁਪਿੰਦਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮਾਂ ਹੈ ਕਿ ਰਾਗੀ ਪਾਠੀ ਅਤੇ ਗ੍ਰੰਥੀ ਸਿੰਘਾਂ ਨੂੰ ਵੱਧ ਤੋਂ ਵੱਧ ਵਿੱਤੀ ਤੌਰ ਤੇ ਸਹਾਇਤਾ ਦਿੱਤੀ ਜਾਵੇ ਉਹਨਾਂ ਦੀਆਂ ਤਨਖਾਹਾਂ ਅਤੇ ਖਰਚਿਆਂ ਦਾ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹਨਾਂ ਗ੍ਰੰਥੀ ਸਿੰਘਾਂ ਅਤੇ ਰਾਗੀ ਸਿੰਘਾਂ ਨੂੰ ਕਦੀ ਬਣਦੀ ਮਦਦ ਨਹੀਂ ਦਿੱਤੀ ਗਈ। ਜਦ ਕਿ ਜਦੋਂ ਕੋਈ ਗ੍ਰੰਥੀ ਸਿੰਘ ਪਰਪੱਕ ਹੁੰਦਾ ਹੈ ਤਾਂ ਉਸ ਨੂੰ ਉਮਰ ਦੀ ਆੜ ਹੇਠ ਰਿਟਾਇਰ ਕਰ ਦਿੱਤਾ ਜਾਂਦਾ ਹੈ। ਜਦੋਂ ਕਿ ਬਾਬਾ ਬੁੱਢਾ ਜੀ ਭਾਈ ਮਨੀ ਸਿੰਘ ਵਰਗੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਇਹ ਗ੍ਰੰਥੀ ਸਿੰਘਾਂ ਦੀਆਂ ਸੇਵਾਵਾਂ ਨਿਭਾ ਕੇ ਸਾਨੂੰ ਪੰਥ ਪ੍ਰਸਤ ਬਣਾਇਆ ਗਿਆ ਸੀ।
ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਕਰ ਕਮਲਾ ਰਾਹੀਂ 50 ਤੋਂ ਵੱਧ ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਉਹਨਾਂ ਨੂੰ ਨਗਦ ਭੇਟਾਂ ਵੀ ਦਿੱਤੀ। ਹੜ ਪ੍ਰਭਾਵਿਤ ਖੇਤਰ ਅਤੇ ਲੋਕਾਂ ਦੀ ਮਦਦ ਕਰਨ ਵਾਲੇ ਅਮਰੀਕਾ ਵਾਸੀ ਕੁਲਵਿੰਦਰ ਸਿੰਘ ਭਿੰਡਰ ਅਤੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਉਨਾਂ ਨੇ ਇਹ ਵੀ ਵਿਸ਼ਵਾਸ਼ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸਮਾਗਮ ਕਰਕੇ ਗ੍ਰੰਥੀ ਸਿੰਘਾਂ,ਰਾਗੀ ਸਿੰਘ ਅਤੇ ਪਾਠੀ ਸਿੰਘਾਂ ਨੂੰ ਲੜੀਦੀਆਂ ਭੇਟਾਵਾਂ ਅਤੇ ਮਾਲੀ ਮਦਦ ਯਾਰੀ ਰਹੇਗੀ। ਇਸ ਮੌਕੇ ਪੰਥਕ ਅਕਾਲੀ ਲਹਿਰ ਵੱਲੋਂ ਹਲਕਾ ਧੀਨਾ ਨਗਰ ਦੇ ਰਾਵੀ ਦਰਿਆ ਤੋਂ ਪਾਰ ਪੈਂਦੇ ਸੱਤ ਪਿੰਡਾਂ ਦੇ ਪੰਜ ਗ੍ਰੰਥੀ ਸਿੰਘਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

