“Patiala Police Bust Terror Module, 4 Arrested”
ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਮੌਡਿਊਲ ਦਾ ਪਰਦਾਫਾਸ

28 ਅਪ੍ਰੈਲ 2026, ਪਟਿਆਲਾ – ਪਟਿਆਲਾ ਪੁਲਿਸ ਨੇ 12 ਘੰਟਿਆਂ ਦੇ ਅੰਦਰ ਸ਼ੰਭੂ-ਅੰਬਾਲਾ ਰੇਲਵੇ ਮਾਰਗ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾ ਲਈ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਖੁਫੀਆ ਏਜੰਸੀ (ਆਈਐੱਸਆਈ) ਦੀ ਸ਼ਹਿ ‘ਤੇ ਚੱਲ ਰਹੇ ਅੱਤਵਾਦੀ ਮੌਡਿਊਲ ਦਾ ਵੱਡਾ ਪਰਦਾਫਾਸ ਕੀਤਾ ਗਿਆ ਹੈ।
ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਅਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਜੰਗੀ ਅਸਲਾ ਅਤੇ ਐਮੋਨੀਸ਼ਨ ਬਰਾਮਦ ਕੀਤਾ ਗਿਆ ਹੈ।
ਗ੍ਰਿਫ਼ਤਾਰ :
- ਪਰਦੀਪ ਸਿੰਘ ਖਾਲਸਾ (ਮੁੱਖ ਸਰਗਣਾ)
- ਕੁਲਵਿੰਦਰ ਸਿੰਘ ਬੱਗਾ
- ਸਤਨਾਮ ਸਿੰਘ ਸੱਤਾ
- ਗੁਰਪ੍ਰੀਤ ਸਿੰਘ ਉਰਫ਼ ਗੋਪੀ
ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਪਰਦੀਪ ਸਿੰਘ ਖਾਲਸਾ ਨੇ “ਚੱਲਦਾ ਵਹੀਰ ਚੱਕਰਵਰਤੀ, ਅਟਾਰੀਏ” ਨਾਮੀ ਜੱਥੇਬੰਦੀ ਬਣਾਈ ਹੋਈ ਸੀ। ਇਹ ਲੋਕ ਮਲੇਸ਼ੀਆ ਅਤੇ ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਹੈਂਡਲਰਾਂ ਨਾਲ ਲਗਾਤਾਰ ਸੰਪਰਕ ਵਿਚ ਸਨ ਅਤੇ ਪੰਜਾਬ ਵਿਚ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।
ਬਰਾਮਦਗੀ ਵਿਚ ਇੱਕ ਬੰਬ, ਦੋ ਪਿਸਤੌਲ, ਜਿੰਦਾ ਰੌਂਦ, ਆਈਈਡੀ ਬਣਾਉਣ ਵਾਲਾ ਸਮਾਨ ਅਤੇ ਲੈਪਟਾਪ ਸਮੇਤ ਤਕਨੀਕੀ ਸਮੱਗਰੀ ਸ਼ਾਮਲ ਹੈ।
ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਇਸ ਮੌਡਿਊਲ ਨੂੰ ਢਾਹੁੰਦਿਆਂ ਪੰਜਾਬ ਵਿਚ ਹੋਣ ਵਾਲੀਆਂ ਵੱਡੀਆਂ ਵਾਰਦਾਤਾਂ ਨੂੰ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਵਿਦੇਸ਼ਾਂ ਤੋਂ ਆ ਰਹੇ ਫੰਡਾਂ ਅਤੇ ਲਿੰਕਾਂ ਬਾਰੇ ਵੀ ਖੁਲਾਸਾ ਕੀਤਾ ਜਾਵੇਗਾ।
ਇਸ ਮਾਮਲੇ ਵਿਚ ਥਾਣਾ ਕੋਤਵਾਲੀ ਪਟਿਆਲਾ ਅਤੇ ਜੀਆਰਪੀ ਪਟਿਆਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਯੂਏਪੀਏ ਧਾਰਾਵਾਂ ਵੀ ਸ਼ਾਮਲ ਹਨ।
