Pedestrian dies in Patna road accident, angry crowd creates ruckus, burns several vehicles
ਪਟਨਾ ਸੜਕ ਹਾਦਸੇ ‘ਚ ਰਾਹਗੀਰ ਦੀ ਮੌਤ, ਭੜਕੀ ਭੀੜ ਨੇ ਕੀਤਾ ਹੰਗਾਮਾ, ਫੂਕੇ ਕਈ ਵਾਹਨ
ਪਟਨਾ (ਆਵਾਜ਼ਿ ਕੌਮ ਬਿਊਰੋ)-ਬਿਹਾਰ ਦੀ ਰਾਜਧਾਨੀ ਪਟਨਾ ’ਚ ਸ਼ੁੱਕਰਵਾਰ ਨੂੰ ਕਥਿਤ ਤੌਰ ’ਤੇ ਬੱਸ ਦੀ ਲਪੇਟ ’ਚ ਆਉਣ ਨਾਲ ਇਕ ਰਾਹਗੀਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਭੜਕੀ ਭੀੜ ਨੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਇਕ ਪੁਲਸ ਚੌਕੀ ’ਚ ਭੰਨਤੋੜ ਕੀਤੀ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹ ਘਟਨਾ ਪਟਨਾ ਦੇ ਛੋਟੀ ਪਹਾੜੀ ਇਲਾਕੇ ’ਚ ਰਾਸ਼ਟਰੀ ਰਾਜਮਾਰਗ-30 ’ਤੇ ਵਾਪਰੀ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਮਾਮਲੇ ਦੇ ਸਬੰਧ ਵਿਚ ਪਟਨਾ ਦੇ ਐੱਸ. ਡੀ. ਪੀ. ਓ.-1 ਰਾਜ ਕਿਸ਼ੋਰ ਸਿੰਘ ਨੇ ਦੱਸਿਆ, ‘‘ਛੋਟੀ ਪਹਾੜੀ ਇਲਾਕੇ ’ਚ ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਗਈ। ਘਟਨਾ ਤੋਂ ਨਾਰਾਜ਼ ਲੋਕਾਂ ਨੇ ਬੱਸ ਸਮੇਤ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ।’’ ਇਸ ਮਾਮਲੇ ’ਚ ਟ੍ਰੈਫਿਕ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ, ਭੀੜ ਨੇ ਮੌਕੇ ’ਤੇ ਮੌਜੂਦ ਕੁਝ ਪੱਤਰਕਾਰਾਂ ਨਾਲ ਵੀ ਕੁੱਟਮਾਰ ਕੀਤੀ।

