PHRO Demands High-Level Judicial Probe into Alleged Police Encounter in Gurdaspur

PHRO Demands High-Level Judicial Probe into Alleged Police Encounter in Gurdaspur

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਗੁਰਦਾਸਪੁਰ ‘ਚ ਕਥਿਤ ਪੁਲਿਸ ਮੁਕਾਬਲੇ ਦੀ ਉੱਚ ਪੱਧਰੀ ਨਿਆਇਕ ਜਾਂਚ ਦੀ ਮੰਗ

27 ਫ਼ਰਵਰੀ 2026, ਚੰਡੀਗੜ੍ਹ/ਗੁਰਦਾਸਪੁਰ – ਪੰਜਾਬ ਮਨੁੱਖੀ ਅਧਿਕਾਰ ਸੰਗਠਨ (PHRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਕੀਤੇ ਗਏ ਕਥਿਤ ਮੁਕਾਬਲੇ ਵਿੱਚ ਨੌਜਵਾਨ ਰਣਜੀਤ ਸਿੰਘ ਦੀ ਮੌਤ ਨੂੰ ਲੈ ਕੇ ਡੂੰਘੀ ਚਿੰਤਾ ਅਤੇ ਸ਼ੱਕ ਪ੍ਰਗਟ ਕੀਤਾ ਹੈ। ਸੰਗਠਨ ਨੇ ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਇੱਕ ਨਿਆਇਕ ਕਮਿਸ਼ਨ ਕੋਲੋਂ ਕਰਵਾਈ ਜਾਵੇ।

ਸੰਗਠਨ ਦੇ ਨੁਮਾਇੰਦਿਆਂ ਅਨੁਸਾਰ ਮੁਕਾਬਲੇ ਦੇ ਤੱਥ ਅਤੇ ਮੌਕੇ ਦੇ ਹਾਲਾਤ ਪੁਲਿਸ ਦੀ ਕਹਾਣੀ ‘ਤੇ ਕਈ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਨੇ ਪੁੱਛਿਆ ਕਿ ਕੀ ਇਹ ਸੱਚਮੁੱਚ ਇੱਕ ਮੁਕਾਬਲਾ ਸੀ ਜਾਂ ਇੱਕ ਮਿਥ ਕੇ ਕੀਤਾ ਗਿਆ ਕਤਲ। ਸੰਗਠਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾਣ ਵਾਲੀ ਅੰਦਰੂਨੀ ਜਾਂਚ ਅਕਸਰ ਪੱਖਪਾਤੀ ਹੁੰਦੀ ਹੈ, ਇਸ ਲਈ ਲੋਕਾਂ ਦੇ ਵਿਸ਼ਵਾਸ ਅਤੇ ਇਨਸਾਫ਼ ਦੀ ਬਹਾਲੀ ਲਈ ਨਿਰਪੱਖ ਸ਼ਖਸੀਅਤ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।

ਸੰਗਠਨ ਨੇ ਆਪਣੀਆਂ ਮੰਗਾਂ ਵਿੱਚ ਸਪੱਸ਼ਟ ਕੀਤਾ ਹੈ:

  1. ਇਸ ਮਾਮਲੇ ਦੀ ਤੁਰੰਤ ਨਿਆਇਕ ਜਾਂਚ ਸ਼ੁਰੂ ਕੀਤੀ ਜਾਵੇ।
  2. ਸਬੰਧਤ ਪੁਲਿਸ ਅਧਿਕਾਰੀਆਂ ਨੂੰ ਜਾਂਚ ਮੁਕੰਮਲ ਹੋਣ ਤੱਕ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ ਤਾਂ ਜੋ ਉਹ ਸਬੂਤਾਂ ਨਾਲ ਛੇੜਛਾੜ ਨਾ ਕਰ ਸਕਣ।
  3. ਰਣਜੀਤ ਸਿੰਘ ਦੇ ਪਰਿਵਾਰ ਨੂੰ ਸੁਰੱਖਿਆ ਅਤੇ ਬਣਦਾ ਇਨਸਾਫ਼ ਦਿੱਤਾ ਜਾਵੇ।

PHRO ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਸੰਗਠਨ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਮਨੁੱਖੀ ਅਧਿਕਾਰ ਕਮਿਸ਼ਨਾਂ ਤੱਕ ਪਹੁੰਚ ਕਰੇਗਾ। ਇਸ ਬਿਆਨ ਵਿੱਚ ਜਸਟਿਸ ਰਣਜੀਤ ਸਿੰਘ, ਡਾ. ਪਿਆਰਾ ਲਾਲ ਗਰਗ, ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਜਸਪਾਲ ਸਿੰਘ ਸਿਧੂ, ਸਰਬਜੀਤ ਸਿੰਘ ਵੇਰਕਾ, ਹਮੀਰ ਸਿੰਘ, ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਖੁਸ਼ਹਾਲ ਸਿੰਘ (ਮੀਡੀਆ ਇੰਚਾਰਜ) ਦੇ ਨਾਮ ਸ਼ਾਮਲ ਹਨ।

ਵੱਲੋਂ: ਡਾ.ਖੁਸ਼ਹਾਲ ਸਿੰਘ ਮੀਡੀਆ ਇੰਚਾਰਜ, ਪੰਜਾਬ ਮਨੁੱਖੀ ਅਧਿਕਾਰ ਸੰਗਠਨ (PHRO) 9316107093