Poisonous liquor wreaks havoc once again! 4 villages in a state of chaos
ਜ਼ਹਿਰੀਲੀ ਸ਼ਰਾਬ ਨੇ ਇਕ ਵਾਰ ਫ਼ਿਰ ਢਾਹਿਆ ਕਹਿਰ ! 4 ਪਿੰਡਾਂ ‘ਚ ਵਿਛਾ’ਤੇ ਸੱਥਰ
ਸਾਗਰ (ਆਵਾਜ਼ਿ ਕੌਮ ਬਿਊਰੋ)-ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੀ ਬਾਂਦਾ ਤਹਿਸੀਲ ਦੇ ਚਾਰ ਪਿੰਡਾਂ ‘ਚ ਕਥਿਤ ਤੌਰ ‘ਤੇ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਰਾਤ ਦੀ ਦਰਮਿਆਨੀ ਰਾਤ 9 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਗਰ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐੱਮ.ਐੱਚ.ਓ.) ਦੇਵੇਸ਼ ਪਟੇਰੀਆ ਨੇ ਬਾਂਦਾ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਕਥਿਤ ਤੌਰ ‘ਤੇ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ 9 ਤੋਂ 10 ਲੋਕਾਂ ਦੀ ਮੌਤ ਹੋਈ। ਉਨ੍ਹਾਂ ਕਿਹਾ ਕਿ 5 ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਾਗਰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਹਾਲਾਂਕਿ, ਸਾਗਰ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਤਿਭਾ ਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਹੋਣ। ਉਨ੍ਹਾਂ ਕਿਹਾ, “ਕੁਝ ਲੋਕ ਬੀਮਾਰ ਪਏ ਹਨ ਅਤੇ ਕੁਝ ਦੀ ਮੌਤ ਵੀ ਹੋਈ ਹੈ। ਉਨ੍ਹਾਂ ਦੀ ਸਿਵਲ ਹਸਪਤਾਲ ‘ਚ ਜਾਂਚ ਕੀਤੀ ਜਾ ਰਹੀ ਹੈ। ਨੌਰਾਜ ਅਤੇ ਘੁੱਗਰ ਸਮੇਤ ਪਛਾਣੇ ਗਏ ਖੇਤਰਾਂ ‘ਚ ਡਾਕਟਰਾਂ ਅਤੇ ਅਧਿਕਾਰੀਆਂ ਦੀਆਂ ਜਾਂਚ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।” ਜ਼ਿਲ੍ਹਾ ਮੈਜਿਸਟ੍ਰੇਟ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਜਿਸ ਨੇ ਪਿਛਲੇ 24 ਤੋਂ 48 ਘੰਟਿਆਂ ‘ਚ ਕਿਸੇ ਵੀ ਕਿਸਮ ਦੀ ਸ਼ਰਾਬ ਪੀਤੀ ਹੈ ਅਤੇ ਕੋਈ ਲੱਛਣ ਮਹਿਸੂਸ ਕਰ ਰਿਹਾ ਹੈ, ਤਾਂ ਉਸ ਨੂੰ ਤੁਰੰਤ ਡਾਕਟਰ ਤੋਂ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਪ੍ਰਸ਼ਾਸਨ ਅਜਿਹੇ ਸਾਰੇ ਮਾਮਲਿਆਂ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਜਾਂਚ ਦੇ ਆਧਾਰ ‘ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।” ਬਾਂਦਾ ਦੇ ਸਾਬਕਾ ਵਿਧਾਇਕ ਤਰਵਾਰ ਲੋਧੀ ਨੇ ਦਾਅਵਾ ਕੀਤਾ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬਾਂਦਾ ਵਿਕਾਸ ਬਲਾਕ ਦੇ ਬਰਾਜ, ਘੁਘਰ, ਨੌਰਾਜ ਅਤੇ ਆਲੇ-ਦੁਆਲੇ ਦੇ ਪਿੰਡਾਂ ‘ਚ ਰਹਿਣ ਵਾਲੇ ਕਈ ਲੋਕਾਂ ਨੇ ਸ਼ਨੀਵਾਰ ਰਾਤ ਨੂੰ ਸ਼ਰਾਬ ਪੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਬਾਂਦਾ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਕਈਆਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਚਾਰ ਜਾਂ ਪੰਜ ਲੋਕ ਬਾਂਦਾ ਸਿਵਲ ਹਸਪਤਾਲ ‘ਚ ਦਾਖਲ ਹਨ, ਜਦੋਂ ਕਿ ਚਾਰ ਜਾਂ ਪੰਜ ਨੂੰ ਸਾਗਰ ਭੇਜਿਆ ਗਿਆ ਹੈ। ਲੋਧੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਨੇ ਵੀ ਪਿਛਲੇ 2 ਜਾਂ 3 ਦਿਨਾਂ ‘ਚ ਬਾਂਦਾ ਖੇਤਰ ‘ਚ ਕਿਸੇ ਵੀ ਦੁਕਾਨ ਜਾਂ ਗੈਰ-ਕਾਨੂੰਨੀ ਸ਼ਰਾਬ ਵੇਚਣ ਵਾਲੇ ਤੋਂ ਸ਼ਰਾਬ ਖਰੀਦੀ ਹੈ ਜਾਂ ਪੀਤੀ ਹੈ ਅਤੇ ਕੋਈ ਵੀ ਸਿਹਤ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ ਅਤੇ ਡਾਕਟਰ ਤੋਂ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਜ਼ਿਲ੍ਹਾ ਮੈਜਿਸਟ੍ਰੇਟ ਪ੍ਰਤਿਭਾ ਪਾਲ ਅਤੇ ਪੁਲਸ ਸੁਪਰਡੈਂਟ ਅਨੁਰਾਗ ਸੁਜਾਨੀਆ ਦੀ ਅਗਵਾਈ ‘ਚ ਪ੍ਰਸ਼ਾਸਨ ਅਤੇ ਪੁਲਸ ਦੀ ਇਕ ਟੀਮ ਮੌਕੇ ‘ਤੇ ਮੌਜੂਦ ਹੈ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

