Police reach Dibrugarh Jail to bring MP Amritpal to Punjab
MP ਅੰਮ੍ਰਿਤਪਾਲ ਨੂੰ ਪੰਜਾਬ ਲਿਆਉਣ ਡਿਬਰੂਗੜ੍ਹ ਜੇਲ੍ਹ ਪਹੁੰਚੀ ਪੁਲਸ
Dirburagh, (ਆਵਾਜ਼ਿ ਕੌਮ ਬਿਊਰੋ)-ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲਿਆਉਣ ਲਈ ਡੀਐਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਪੰਜਾਬ ਪੁਲਸ ਦੀ 5 ਮੈਂਬਰੀ ਟੀਮ ਅਸਾਮ ਪਹੁੰਚ ਚੁੱਕੀ ਹੈ। ਪੁਲਸ ਟੀਮ 21 ਨਵੰਬਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਦੀ ਸੈਸ਼ਨ ਅਦਾਲਤ ਨੇ ਉਨ੍ਹਾਂ ਨੂੰ ਆਪਣੀ ਦਾਦੀ ਚਰਨ ਕੌਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ (ਕੁੱਲ 3 ਘੰਟੇ) ਦੀ ਕਸਟਡੀ ਪੈਰੋਲ ਦਿੱਤੀ ਹੈ। ਉਨ੍ਹਾਂ ਦੀ ਦਾਦੀ ਚਰਨ ਕੌਰ ਦਾ ਦਿਹਾਂਤ 8 ਨਵੰਬਰ ਨੂੰ ਹੋਇਆ ਸੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਜੱਲੂਪੁਰ ਖੇੜਾ (ਅੰਮ੍ਰਿਤਸਰ) ਵਿਖੇ ਖੇਤਾਂ ਵਿੱਚ ਕੀਤਾ ਜਾਵੇਗਾ। ਅੰਮ੍ਰਿਤਪਾਲ ਸਿੰਘ ਨੂੰ ਲਿਆਉਣ ਅਤੇ ਵਾਪਸ ਲੈ ਜਾਣ ਦੀਆਂ ਤਿਆਰੀਆਂ ਲਈ ਉਨ੍ਹਾਂ ਦੇ ਪਰਿਵਾਰ ਨੇ ਪੁਲਸ ਦੇ ਸਰਕਾਰੀ ਖਾਤੇ ਵਿੱਚ 10 ਲੱਖ ਰੁਪਏ ਜਮ੍ਹਾਂ ਕਰਵਾਏ ਹਨ। ਇਸ ਵਿੱਚੋਂ 7 ਲੱਖ 84 ਹਜ਼ਾਰ ਰੁਪਏ ਅੰਮ੍ਰਿਤਪਾਲ ਸਿੰਘ ਤੇ 5 ਪੁਲਸ ਮੁਲਾਜ਼ਮਾਂ ਦੀਆਂ ਆਉਣ-ਜਾਣ ਦੀਆਂ ਹਵਾਈ ਟਿਕਟਾਂ ‘ਤੇ ਖਰਚ ਹੋਣਗੇ। ਪੰਜਾਬ ਪੁਲਸ ਨੇ 3 ਦਿਨਾਂ ਦੀ ਪੈਰੋਲ ਲਈ ਸੁਰੱਖਿਆ ਪ੍ਰਬੰਧਾਂ ਦੀ ਅਸਮਰੱਥਾ ਜ਼ਾਹਰ ਕੀਤੀ ਸੀ, ਜਿਸ ਕਾਰਨ ਅਦਾਲਤ ਨੇ ਕੇਵਲ 3 ਘੰਟੇ ਦੀ ਹੀ ਪੈਰੋਲ ਮਨਜ਼ੂਰ ਕੀਤੀ।

