Preparations for a major blast under the cover of violence in Bangladesh! 100 bombs, 2 guns, and cartridges seized
ਬੰਗਲਾਦੇਸ਼ ‘ਚ ਹਿੰਸਾ ਦੀ ਆੜ ‘ਚ ਵੱਡੇ ਧਮਾਕੇ ਦੀ ਤਿਆਰੀ ! 100 ਬੰਬ, 2 ਬੰਦੂਕਾਂ ਤੇ ਕਾਰਤੂਸ ਬਰਾਮਦ
Dhaka, (ਆਵਾਜ਼ਿ ਕੌਮ ਬਿਊਰੋ)-ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਜ਼ਿਲੇ ’ਚ ਸਰਹੱਦੀ ਸੁਰੱਖਿਆ ਬਲ (ਬੀ. ਜੀ. ਬੀ.) ਨੇ ਛਾਪੇਮਾਰੀ ਕਰ ਕੇ 100 ਤੋਂ ਵੱਧ ਆਈ. ਈ. ਡੀ. ਬੰਬ, 2 ਬੰਦੂਕਾਂ ਅਤੇ 254 ਕਾਰਤੂਸ ਬਰਾਮਦ ਕੀਤੇ ਹਨ। ਇਸ ਮਾਮਲੇ ’ਚ 2 ਆਟੋ ਰਿਕਸ਼ਾ ਚਾਲਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਹਥਿਆਰ ਅਤੇ ਵਿਸਫ਼ੋਟਕ ਮਿਆਂਮਾਰ ਤੋਂ ਸਮੱਗਲ ਕਰ ਕੇ ਲਿਆਂਦੇ ਗਏ ਸਨ। ਖ਼ਦਸ਼ਾ ਹੈ ਕਿ ਇਨ੍ਹਾਂ ਦੀ ਵਰਤੋਂ ਬੰਗਲਾਦੇਸ਼ ’ਚ ਕਿਸੇ ਵੱਡੀ ਹਿੰਸਕ ਘਟਨਾ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ। ਹਾਲਾਂਕਿ ਜਾਂਚ ਏਜੰਸੀ ਨੂੰ ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਸੰਭਾਵਿਤ ਹਮਲੇ ਦਾ ਨਿਸ਼ਾਨਾ ਕੌਣ ਸੀ। ਬੀ. ਜੀ. ਬੀ. ਨੂੰ ਸ਼ਨੀਵਾਰ ਰਾਤ ਹਥਿਆਰਾਂ ਦੀ ਸਮੱਗਲਿੰਗ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਕੌਕਸ ਬਾਜ਼ਾਰ ’ਚ ਚੈੱਕ ਪੋਸਟ ਲਾ ਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਬੰਬ ਬਣਾਉਣ ਦਾ ਸਾਮਾਨ ਵੀ ਮਿਲਿਆ। ਸੁਰੱਖਿਆ ਬਲਾਂ ਨੇ 2 ਆਟੋ ਰਿਕਸ਼ਾ ਅਤੇ ਇਕ ਮੋਟਰਸਾਈਕਲ ਜ਼ਬਤ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਵਰਤੋਂ ਹਥਿਆਰਾਂ ਅਤੇ ਵਿਸਫ਼ੋਟਕਾਂ ਦੀ ਢੋਆ-ਢੁਆਈ ’ਚ ਕੀਤੀ ਗਈ ਸੀ। ਬੀ. ਜੀ. ਬੀ. ਦੀ ਮੁੱਢਲੀ ਜਾਂਚ ਮੁਤਾਬਕ ਇਕ ਸੰਗਠਿਤ ਗਿਰੋਹ ਨੇ ਮਿਆਂਮਾਰ ਤੋਂ ਹਥਿਆਰ ਅਤੇ ਵਿਸਫ਼ੋਟਕ ਖ਼ਰੀਦ ਕੇ ਗੁਪਤ ਰਸਤਿਆਂ ਰਾਹੀਂ ਬੰਗਲਾਦੇਸ਼ ਪਹੁੰਚਾਏ ਸਨ।

