Protest against Maharaja Duleep Singh being called ‘Indian King’
ਮਹਾਰਾਜਾ ਦਲੀਪ ਸਿੰਘ ਨੂੰ ‘Indian King’ ਕਹੇ ਜਾਣ ਖ਼ਿਲਾਫ਼ ਪ੍ਰਦਰਸ਼ਨ
ਲੰਡਨ (ਆਵਾਜ਼ਿ ਕੌਮ ਬਿਊਰੋ)-ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਨੂੰ ਬੀਬੀਸੀ ਦੀ ਇੱਕ ਰਿਪੋਰਟ ਦੇ ਸਿਰਲੇਖ ਵਿੱਚ “Indian King” ਕਹੇ ਜਾਣ ਖ਼ਿਲਾਫ਼ ਅੱਜ ਲੰਡਨ ਸਥਿਤ ਬੀਬੀਸੀ ਬ੍ਰਾਡਕਾਸਟਿੰਗ ਹਾਊਸ ਦੇ ਬਾਹਰ ਸਿੱਖ ਜਥੇਬੰਦੀਆਂ ਅਤੇ ਸੰਗਤ ਵੱਲੋਂ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਬੀਬੀਸੀ ’ਤੇ ਸਿੱਖ ਇਤਿਹਾਸ ਅਤੇ ਮਹਾਰਾਜਾ ਦਲੀਪ ਸਿੰਘ ਦੀ ਅਸਲ ਰਾਜਨੀਤਕ ਪਛਾਣ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ। ਯੂ.ਕੇ. ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਹਾਰਾਜਾ ਦਲੀਪ ਸਿੰਘ “ਭਾਰਤ ਦੇ ਰਾਜੇ” ਨਹੀਂ, ਸਗੋਂ ਆਜ਼ਾਦ ਸਿੱਖ ਸਾਮਰਾਜ ਦੇ ਆਖ਼ਰੀ ਮਹਾਰਾਜਾ ਅਤੇ ਪੰਜਾਬ ਦੇ ਪ੍ਰਭੂਸੱਤਾ ਸੰਪੰਨ ਸ਼ਾਸਕ ਸਨ। ਉਨ੍ਹਾਂ ਕਿਹਾ ਕਿ ਇਤਿਹਾਸਕ ਸ਼ਖ਼ਸੀਅਤਾਂ ਦੀ ਪਛਾਣ ਨੂੰ ਮੌਜੂਦਾ ਰਾਜਨੀਤਕ ਸਰਹੱਦਾਂ ਅਨੁਸਾਰ ਬਦਲ ਕੇ ਪੇਸ਼ ਕਰਨਾ ਇਤਿਹਾਸ ਨਾਲ ਬੇਇਨਸਾਫ਼ੀ ਹੈ। ਇਹ ਵਿਵਾਦ ਬੀਬੀਸੀ ਦੀ ਰਿਪੋਰਟ ਦੇ ਸਿਰਲੇਖ “The Indian king who was not allowed to leave Britain” ਤੋਂ ਬਾਅਦ ਖੜ੍ਹਾ ਹੋਇਆ ਸੀ। ਸਿੱਖ ਜਥੇਬੰਦੀਆਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਲਿਖਤੀ ਜਵਾਬ ਵਿੱਚ ਬੀਬੀਸੀ ਨਿਊਜ਼ ਵੈੱਬਸਾਈਟ ਦੇ ਪੱਤਰਕਾਰ ਜੈਰੇਮੀ ਹਾਵੈੱਲ ਨੇ ਸਿਰਲੇਖ ਅਤੇ ਰਿਪੋਰਟ ਨੂੰ ਸਹੀ ਕਰਾਰ ਦਿੱਤਾ ਸੀ।ਬੀਬੀਸੀ ਨੇ ਆਪਣੇ ਜਵਾਬ ਵਿੱਚ ਦਲੀਲ ਦਿੱਤੀ ਸੀ ਕਿ “Indian king” ਤੋਂ ਭਾਵ ਭਾਰਤੀ ਉਪ-ਮਹਾਂਦੀਪ ਨਾਲ ਸਬੰਧਤ ਇੱਕ ਰਾਜਾ ਸੀ, ਨਾ ਕਿ ਸਮੁੱਚੇ ਭਾਰਤ ਦਾ ਰਾਜਾ। ਬੀਬੀਸੀ ਅਨੁਸਾਰ ਰਿਪੋਰਟ ਦੇ ਪਹਿਲੇ ਪੈਰੇ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਦਲੀਪ ਸਿੰਘ ਨੇ 5 ਸਾਲ ਦੀ ਉਮਰ ਵਿੱਚ ਸਿੱਖ ਮਹਾਰਾਜਾ ਦਾ ਖ਼ਿਤਾਬ ਸੰਭਾਲਿਆ ਸੀ। ਇਸ ਆਧਾਰ ’ਤੇ ਸੰਸਥਾ ਨੇ ਸ਼ਿਕਾਇਤ ਨੂੰ ਸਵੀਕਾਰ ਕਰਨ ਅਤੇ ਸਿਰਲੇਖ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ। ਬੀਬੀਸੀ ਦੇ ਇਸ ਜਵਾਬ ਨੇ ਸਿੱਖ ਜਥੇਬੰਦੀਆਂ ਵਿੱਚ ਰੋਸ ਹੋਰ ਵਧਾ ਦਿੱਤਾ। ਦਲ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਆਗੂ ਭਾਈ ਗੁਰਚਰਨ ਸਿੰਘ, ਭਾਈ ਮੰਗਲ ਸਿੰਘ, ਭਾਈ ਜਸਬੀਰ ਸਿੰਘ ਸਮੇਤ ਪ੍ਰਦਰਸ਼ਨ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਪਛਾਣ ਸਿਰਫ਼ ਭੂਗੋਲਿਕ ਨਹੀਂ, ਸਗੋਂ ਪ੍ਰਭੂਸੱਤਾ, ਸਿੱਖ ਸਾਮਰਾਜ ਅਤੇ ਪੰਜਾਬ ਦੇ ਸੁਤੰਤਰ ਰਾਜ ਨਾਲ ਜੁੜੀ ਹੋਈ ਹੈ। ਇਸ ਲਈ ਉਨ੍ਹਾਂ ਨੂੰ “Indian King” ਕਹਿਣਾ ਇਤਿਹਾਸਕ ਤੌਰ ’ਤੇ ਗੁੰਮਰਾਹਕੁੰਨ ਹੈ। ਬੁਲਾਰਿਆਂ ਨੇ ਕਿਹਾ ਕਿ ਬ੍ਰਿਟੇਨ ਦੀਆਂ ਆਪਣੀਆਂ ਇਤਿਹਾਸਕ ਸੰਸਥਾਵਾਂ ਵੀ ਮਹਾਰਾਜਾ ਦਲੀਪ ਸਿੰਘ ਨੂੰ “ਪੰਜਾਬ ਦੇ ਆਖ਼ਰੀ ਸਿੱਖ ਮਹਾਰਾਜਾ” ਵਜੋਂ ਦਰਜ ਕਰਦੀਆਂ ਹਨ। ਇਸ ਲਈ ਬੀਬੀਸੀ ਵਰਗੀ ਵਿਸ਼ਵ ਪੱਧਰੀ ਜਨਤਕ ਪ੍ਰਸਾਰਣ ਸੰਸਥਾ ਨੂੰ ਵੀ ਉਨ੍ਹਾਂ ਦੀ ਪਛਾਣ ਉਸੇ ਇਤਿਹਾਸਕ ਸੰਦਰਭ ਵਿੱਚ ਪੇਸ਼ ਕਰਨੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੇ ਬੀਬੀਸੀ ਤੋਂ ਵਿਵਾਦਤ ਸਿਰਲੇਖ ਵਾਪਸ ਲੈਣ, ਰਿਪੋਰਟ ਵਿੱਚ ਲੋੜੀਂਦੀ ਸੋਧ ਕਰਨ ਅਤੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਿੱਖ ਇਤਿਹਾਸ ਦੀ ਗ਼ਲਤ ਪੇਸ਼ਕਾਰੀ ਨੂੰ ਦਰੁਸਤ ਨਾ ਕੀਤਾ ਗਿਆ ਤਾਂ ਲੋਕਤੰਤਰੀ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਹਿੰਮ ਜਾਰੀ ਰੱਖੀ ਜਾਵੇਗੀ। ਇਸ ਮੌਕੇ ਬ੍ਰਿਟੇਨ ਦੇ ਸਿੱਖ ਅਤੇ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਇਹ ਮਾਮਲਾ ਹਾਊਸ ਆਫ਼ ਕਾਮਨਜ਼ ਵਿੱਚ ਉਠਾਉਣ। ਜਥੇਬੰਦੀਆਂ ਨੇ ਕਿਹਾ ਕਿ ਲਾਇਸੈਂਸ ਫ਼ੀਸ ਨਾਲ ਚੱਲਣ ਵਾਲੇ ਬ੍ਰਿਟਿਸ਼ ਜਨਤਕ ਪ੍ਰਸਾਰਕ ਦੀ ਇਤਿਹਾਸਕ ਤੱਥਾਂ ਪ੍ਰਤੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਹਾਲਾਂਕਿ ਇਹ ਰੋਸ ਮੁਜ਼ਾਹਰਾ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ। ਅੰਤ ‘ਚ ਪ੍ਰਬੰਧਕਾਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਭਾਈਚਾਰੇ ਵਿਰੁੱਧ ਨਹੀਂ, ਸਗੋਂ ਸਿੱਖ ਸਾਮਰਾਜ ਦੇ ਇਤਿਹਾਸ ਅਤੇ ਮਹਾਰਾਜਾ ਦਲੀਪ ਸਿੰਘ ਦੀ ਅਸਲ ਪਛਾਣ ਦੀ ਰਾਖੀ ਲਈ ਹੈ।

