Punjab: Bodies of mother and son found in a locked house; panic in the area
ਪੰਜਾਬ: ਬੰਦ ਘਰ ’ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਇਲਾਕੇ ‘ਚ ਦਹਿਸ਼ਤ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਅੰਮ੍ਰਿਤਸਰ ਦੇ ਰਾਮ ਨਗਰ ਕਾਲੋਨੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਬੰਦ ਘਰ ਵਿੱਚੋਂ ਮਾਂ-ਪੁੱਤ ਦੀਆਂ ਲਾਸ਼ਾਂ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈਆਂ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਦੇ ਥਾਣਾ ਸਦਰ ਅਧੀਨ ਪੈਂਦੀ ਰਾਮ ਨਗਰ ਕਾਲੋਨੀ ਦੀ ਗਲੀ ਨੰਬਰ 4 ਵਿੱਚ ਇੱਕ ਘਰ ਵਿੱਚੋਂ ਤੇਜ਼ ਬਦਬੂ ਆਉਣ ’ਤੇ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਸ਼ਾਮ ਕਰੀਬ 4:30 ਵਜੇ ਮੌਕੇ ’ਤੇ ਪਹੁੰਚੀ। ਘਰ ਦੇ ਅੰਦਰ ਜਾਂਚ ਕਰਨ ’ਤੇ ਦੋ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾਂ ਦੀ ਪਛਾਣ ਗੌਰਵ, ਜਿਸ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ, ਅਤੇ ਉਸ ਦੀ ਮਾਤਾ ਰਿਤੂ, ਜਿਸ ਦੀ ਉਮਰ ਕਰੀਬ 70 ਸਾਲ ਸੀ, ਵਜੋਂ ਹੋਈ ਹੈ। ਪੁਲਸ ਅਧਿਕਾਰੀਆਂ ਮੁਤਾਬਕ, ਮੁੱਢਲੀ ਜਾਂਚ ਦੌਰਾਨ ਕਿਸੇ ਭਾਰੀ ਜਾਂ ਧਾਰਦਾਰ ਵਸਤੂ ਨਾਲ ਹਮਲਾ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉੱਥੇ ਹੀ, ਪੁਲਸ ਵੱਲੋਂ ਗੌਰਵ ਦੀ ਪਤਨੀ ਦੀ ਭੂਮਿਕਾ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੌਰਵ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਦੂਜੇ ਸੂਬੇ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਹੋਇਆ ਸੀ। ਪੁਲਸ ਨੇ ਘਟਨਾ ਵਾਲੇ ਇਲਾਕੇ ਦੀ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਅਤੇ ਮੌਤ ਦੇ ਸਮੇਂ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

