Punjab: Major action by the Drug Department against a well-known medical store; license suspended for 15 days
ਪੰਜਾਬ: ਇਸ ਮਸ਼ਹੂਰ ਮੈਡੀਕਲ ਸਟੋਰ ‘ਤੇ ਡਰੱਗ ਵਿਭਾਗ ਦੀ ਵੱਡੀ ਕਾਰਵਾਈ, 15 ਦਿਨਾਂ ਲਈ ਲਾਇਸੈਂਸ ਸਸਪੈਂਡ
ਬਠਿੰਡਾ (ਆਵਾਜ਼ਿ ਕੌਮ ਬਿਊਰੋ)-ਦਵਾਈਆਂ ਦੀ ਵਿਕਰੀ ‘ਚ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਮੈਡੀਕਲ ਸਟੋਰ ਸੰਚਾਲਕਾਂ ਖ਼ਿਲਾਫ਼ ਸਿਹਤ ਵਿਭਾਗ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਇਸੇ ਤਹਿਤ ਬਠਿੰਡਾ ਦੇ ਪੰਜਾਬ ਮੈਡੀਕਲ ਹਾਲ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਇਸ ਦੇ ਦੋਵੇਂ ਰਿਟੇਲ ਡਰੱਗ ਲਾਇਸੈਂਸ 15 ਦਿਨਾਂ ਲਈ ਸਸਪੈਂਡ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਟੈਪੈਂਟਾਡੋਲ ਅਤੇ ਇਸ ਦੇ ਸਾਲਟ ਤੋਂ ਤਿਆਰ ਹੋਣ ਵਾਲੀਆਂ ਦਵਾਈਆਂ ਦਾ ਸਟਾਕ ਰੱਖਣ ਅਤੇ ਵਿਕਰੀ ਲਈ ਪ੍ਰਦਰਸ਼ਿਤ ਕਰਨ ਦੀ ਮਨਜ਼ੂਰੀ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਗਈ ਹੈ। ਸਿਵਲ ਸਰਜਨ ਦਫ਼ਤਰ ਬਠਿੰਡਾ ਦੇ ਜ਼ੋਨਲ ਲਾਇਸੈਂਸਿੰਗ ਅਥਾਰਟੀ (ਡਰੱਗਜ਼) ਵੱਲੋਂ ਜਾਰੀ ਹੁਕਮਾਂ ਮੁਤਾਬਕ ਪੰਜਾਬ ਮੈਡੀਕਲ ਹਾਲ ਜੋ ਆਦਰਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਦੇ ਸਾਹਮਣੇ, ਭੁੱਚੋ ਖ਼ੁਰਦ ਬਰਨਾਲਾ ਰੋਡ ‘ਤੇ ਸਥਿਤ ਹੈ, ਦਾ 19 ਅਕਤੂਬਰ 2026 ਨੂੰ ਡਰੱਗਜ਼ ਕੰਟਰੋਲ ਅਫ਼ਸਰ ਅਕਾਂਤ ਪ੍ਰਿਆ ਸਿੰਗਲਾ ਵੱਲੋਂ ਨਿਰੀਖਣ ਕੀਤਾ ਗਿਆ ਸੀ। ਜਾਂਚ ਦੌਰਾਨ ਮੈਡੀਕਲ ਸਟੋਰ ‘ਚ ਦਵਾਈਆਂ ਦੀ ਖ਼ਰੀਦ-ਵੇਚ ਅਤੇ ਰਿਕਾਰਡ ਸਬੰਧੀ ਕਈ ਖਾਮੀਆਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਵਿਭਾਗ ਨੇ ਨਿਯਮਾਂ ਦੀ ਉਲੰਘਣਾ ਮੰਨਿਆ। ਵਿਭਾਗ ਵੱਲੋਂ 21 ਅਕਤੂਬਰ ਨੂੰ ਮੈਡੀਕਲ ਸਟੋਰ ਸੰਚਾਲਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ। ਸੰਚਾਲਕ ਵੱਲੋਂ ਪੇਸ਼ ਕੀਤੇ ਗਏ ਜਵਾਬ ਨੂੰ ਵਿਭਾਗ ਨੇ ਤਸੱਲੀਬਖ਼ਸ਼ ਨਹੀਂ ਮੰਨਿਆ। ਹੁਕਮਾਂ ‘ਚ ਜਵਾਬ ਨੂੰ ਬਾਅਦ ‘ਚ ਤਿਆਰ ਕੀਤਾ ਗਿਆ ਦੱਸਦਿਆਂ ਵੀ ਸਵੀਕਾਰ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਡਰੱਗਜ਼ ਐਂਡ ਕਾਸਮੈਟਿਕਸ ਰੂਲਜ਼ 1945 ਦੇ ਨਿਯਮ 65 ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਦੇ ਆਧਾਰ ’ਤੇ ਲਾਇਸੈਂਸ ਸਸਪੈਂਡ ਕਰਨ ਦਾ ਫ਼ੈਸਲਾ ਲਿਆ ਗਿਆ। ਵਿਭਾਗ ਨੇ ਮੈਡੀਕਲ ਸਟੋਰ ਦੇ ਰਿਟੇਲ ਡਰੱਗ ਲਾਇਸੈਂਸ ਨੰਬਰ 153865 ਅਤੇ 153866 ਨੂੰ ਹੁਕਮ ਪ੍ਰਾਪਤ ਹੋਣ ਦੀ ਮਿਤੀ ਤੋਂ 15 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ। ਇਸ ਸਮੇਂ ਦੌਰਾਨ ਐਲੋਪੈਥਿਕ ਦਵਾਈਆਂ ਦੀ ਖਰੀਦ-ਵੇਚ ਕਰਨ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਸਸਪੈਂਸ਼ਨ ਦੀ ਮਿਆਦ ਦੌਰਾਨ ਦਵਾਈਆਂ ਦਾ ਕਾਰੋਬਾਰ ਜਾਰੀ ਰੱਖਣਾ ਕਾਨੂੰਨੀ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਇਸ ਕਾਰਵਾਈ ਦਾ ਦੂਜਾ ਅਹਿਮ ਪਹਿਲੂ ਟੈਪੈਂਟਾਡੋਲ ਅਤੇ ਇਸ ਦੇ ਸਾਲਟ ਤੋਂ ਬਣੀਆਂ ਦਵਾਈਆਂ ਨਾਲ ਜੁੜਿਆ ਹੋਇਆ ਹੈ। ਵਿਭਾਗ ਨੇ ਇਨ੍ਹਾਂ ਦਵਾਈਆਂ ਦਾ ਸਟਾਕ ਰੱਖਣ ਅਤੇ ਵਿਕਰੀ ਲਈ ਪ੍ਰਦਰਸ਼ਿਤ ਕਰਨ ਦੀ ਮਨਜ਼ੂਰੀ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਈ ਹੈ। ਸਟੋਰ ਸੰਚਾਲਕ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਸ ਕੋਲ ਇਨ੍ਹਾਂ ਦਵਾਈਆਂ ਦਾ ਸਟਾਕ ਮੌਜੂਦ ਹੈ ਤਾਂ ਉਸ ਨੂੰ ਸਬੰਧਤ ਡਿਸਟ੍ਰੀਬਿਊਟਰ, ਹੋਲਸੇਲਰ ਜਾਂ ਨਿਰਮਾਤਾ ਨੂੰ ਵਾਪਸ ਕੀਤਾ ਜਾਵੇ ਅਤੇ ਇਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ। ਵਿਭਾਗ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਹੁਕਮਾਂ ਤੋਂ ਬਾਅਦ ਟੈਪੈਂਟਾਡੋਲ ਵਾਲੀਆਂ ਦਵਾਈਆਂ ਦਾ ਸਟਾਕ ਰੱਖਣ, ਵੇਚਣ ਜਾਂ ਵੰਡਣ ’ਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੀ ਧਾਰਾ 18 (ਸੀ) ਅਤੇ 27 (ਬੀ) (ਆਈ) ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਹੁਕਮਾਂ ਦੀ ਕਾਪੀ ਡਰੱਗਜ਼ ਕੰਟਰੋਲ ਅਫ਼ਸਰ ਬਠਿੰਡਾ-2 ਨੂੰ ਵੀ ਭੇਜੀ ਗਈ ਹੈ। ਉਨ੍ਹਾਂ ਨੂੰ ਮੈਡੀਕਲ ਸਟੋਰ ਸੰਚਾਲਕ ਨੂੰ ਹੁਕਮਾਂ ਦੀ ਕਾਪੀ ਸੌਂਪਣ ਅਤੇ ਸਸਪੈਂਸ਼ਨ ਦੀ ਮਿਆਦ ਦੌਰਾਨ ਦਵਾਈਆਂ ਦੀ ਖਰੀਦ-ਵੇਚ ਪੂਰੀ ਤਰ੍ਹਾਂ ਬੰਦ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਇਸ ਕਾਰਵਾਈ ਨੂੰ ਜ਼ਮੀਨੀ ਪੱਧਰ ’ਤੇ ਕਿਸ ਤਰ੍ਹਾਂ ਲਾਗੂ ਕਰਵਾਉਂਦਾ ਹੈ।

