Punjab Police arrest sewadar Davinder Verka in a case linked to Bikram Singh Majithia
ਪੰਜਾਬ ਪੁਲਿਸ ਨੇ ਬਿਕਰਮ ਸਿੰਘ ਮਜੀਠੀਆ ਦੇ ਸੇਵਾਦਾਰ ਨੂੰ ਕੀਤਾ ਗ੍ਰਿਫ਼ਤਾਰ

09 ਜਨਵਰੀ 2026, ਅੰਮ੍ਰਿਤਸਰ – ਪੰਜਾਬ ਪੁਲਿਸ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਸੇਵਾਦਾਰ ਦਵਿੰਦਰ ਵੇਰਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਵੇਰਕਾ ਅੰਮ੍ਰਿਤਸਰ ਸਥਿਤ ਮਜੀਠੀਆ ਦੀ ਰਿਹਾਇਸ਼ ‘ਤੇ ਸੇਵਾਦਾਰ ਵਜੋਂ ਕੰਮ ਕਰਦਾ ਸੀ। ਪੁਲਿਸ ਸੂਤਰਾਂ ਮੁਤਾਬਕ ਦਵਿੰਦਰ ਵੇਰਕਾ ਨੂੰ ਅਕਾਲੀ ਆਗੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਦੇ ਕੇਸ ਨਾਲ ਸੰਬੰਧਿਤ ਜਾਂਚ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪਹਿਲਾਂ ਖਿਲਾਫ਼ ਦਰਜ ਐਫਆਈਆਰ ਵਿੱਚ ਦਵਿੰਦਰ ਵੇਰਕਾ ਦਾ ਨਾਮ ਸ਼ਾਮਲ ਨਹੀਂ ਸੀ, ਪਰ ਜਾਂਚ ਅੱਗੇ ਵਧਣ ‘ਤੇ ਪੁਲਿਸ ਨੂੰ ਕੁਝ ਅਹਿਮ ਸਬੂਤ ਮਿਲੇ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਸਿਟੀ ਲਾਈਨ ਥਾਣੇ ਵਿੱਚ ਦਰਜ ਕੇਸ ਵਿੱਚ ਪੁਲਿਸ ਨੇ ਦਵਿੰਦਰ ਵੇਰਕਾ ਦਾ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ, ਤਾਂ ਜੋ ਉਸ ਤੋਂ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੀਆਂ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਸਕਣ। ਇਸ ਮਾਮਲੇ ‘ਚ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਕਿਹਾ ਜਾ ਰਿਹਾ ਹੈ ਕਿ ਜਾਂਚ ਦੌਰਾਨ ਹੋਰ ਖੁਲਾਸੇ ਹੋ ਸਕਦੇ ਹਨ। ਦੂਜੇ ਪਾਸੇ, ਅਕਾਲੀ ਦਲ ਵੱਲੋਂ ਇਸ ਕਾਰਵਾਈ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਜਾ ਰਿਹਾ ਹੈ।
