Punjabi singer Ammy Virk shot in Canada, car involved in accident
ਕੈਨੇਡਾ ‘ਚ ਪੰਜਾਬੀ ਗਾਇਕ ਐਮੀ ਵਿਰਕ ‘ਤੇ ਚੱਲੀਆਂ ਗੋਲੀਆਂ, ਹਾਦਸਾਗ੍ਰਸਤ ਹੋਈ ਕਾਰ
ਕੈਨੇਡਾ (ਆਵਾਜ਼ਿ ਕੌਮ ਬਿਊਰੋ)- ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਐਮੀ ਵਿਰਕ ‘ਤੇ ਕੈਨੇਡਾ ‘ਚ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਐਮੀ ਵਿਰਕ ‘ਤੇ ਇਹ ਗੋਲੀਆਂ ਇਕ ਸ਼ੋਅ ਤੋਂ ਬਾਅਦ ਅਣਪਛਾਤੇ ਹਮਲਾਵਰਾਂ ਵਲੋਂ ਚਲਾਈਆਂ ਗਈਆਂ ਹਨ। ਸੂਤਰਾਂ ਮੁਤਾਬਕ ਕੈਨੇਡਾ ਦੇ ਐਬਟਸਫੋਰਡ ‘ਚ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਸ਼ੋਅ ਤੋਂ ਬਾਅਦ ਜਦੋਂ ਐਮੀ ਵਿਰਕ ਆਪਣੀ ਰੋਲਸ ਰਾਇਸ ਕਾਰ ਵਿਚ ਸਵਾਰ ਹੋ ਕੇ ਵਾਪਸ ਜਾ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ ਗਈ। ਉਨ੍ਹਾਂ ਦੀ ਕਾਰ ‘ਤੇ 7 ਗੋਲੀਆਂ ਲੱਗੀਆਂ ਹਨ। ਮੌਕੇ ‘ਤੇ ਮੌਜੂਦ ਸੂਤਰਾਂ ਮੁਤਾਬਕ ਜਿਸ ਸਮੇ ਘਟਨਾ ਵਾਪਰੀ ਐਮੀ ਵਿਰਕ ਉਸ ਵਿਚ ਸਵਾਰ ਸਨ। ਰੋਲਸ ਰਾਇਸ ਬੁਲੇਟਪਰੂਫ ਸੀ, ਜਿਸ ਕਾਰਨ ਗੱਡੀ ਵਿੱਚ ਸਵਾਰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ। ਕਾਰ ਦੇ ਸਿਰਫ਼ ਸ਼ੀਸ਼ੇ ਟੁੱਟਣ ਦਾ ਪਤਾ ਲੱਗਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਕੈਨੇਡਾ ਦੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਬਟਸਫੋਰਡ ਪੁਲਸ ਨੇ ਮੈਕਕੈਲਮ ਰੋਡ ਦੇ 2500-ਬਲਾਕ ਵਿੱਚ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ।

