ਪੰਜਾਬੀ ਸੂਬਾ ਦਿਹਾੜਾ: 1 ਨਵੰਬਰ 1966 ਨੂੰ ਪੰਜਾਬੀ ਬੋਲੀ ਵਾਲਾ ਸੂਬਾ ਬਣਿਆ, ਅਕਾਲੀ ਦਲ ਨੇ 1949 ਵਿੱਚ ਮੰਗ ਉਠਾਈ – ਚੰਡੀਗੜ੍ਹ ਤੇ ਪਾਣੀ ਮਸਲੇ ਅਜੇ ਲਟਕੇ

1 ਨਵੰਬਰ 2025, ਚੰਡੀਗੜ੍ਹ ਭਾਰਤ ਅੰਦਰ ਬੋਲੀ ਅਧਾਰਿਤ ਸੂਬਿਆਂ ਦੀ ਮੰਗ ਹਰ ਪਾਸਿਓਂ ਉੱਠ ਰਹੀ ਸੀ, ਜਿਸ ਮਗਰੋਂ ਬੋਲੀ ਦੇ ਅਧਾਰ ਉੱਤੇ ਕਈ ਸੂਬੇ ਹੋਂਦ ਵਿੱਚ ਆਏ। ਸੰਨ 1949 ਈ. ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬੀ ਸੂਬੇ ਨੂੰ ਟੀਚਾ ਮੰਨ ਕੇ ਮਤਾ ਪਾਸ ਕੀਤਾ ਗਿਆ ਕਿ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਅਤੇ ਆਤਮ ਸਨਮਾਣ ਦੀ ਰੱਖਿਆ ਲਈ ਪੰਜਾਬੀ ਬੋਲੀ ਵਾਲੇ ਸੂਬੇ ਦੀ ਸਥਾਪਨਾ ਜ਼ਰੂਰੀ ਹੈ। 10 ਮਾਰਚ 1966 ਨੂੰ ਕੇਂਦਰੀ ਸਰਕਾਰ ਵੱਲੋਂ ਉਸ ਸਮੇਂ ਦੇ ਪੰਜਾਬ ਰਾਜ ਵਿੱਚੋਂ ਬੋਲੀ ਅਧਾਰਿਤ ਪੰਜਾਬੀ ਸੂਬੇ ਦਾ ਨਿਰਮਾਣ ਕੀਤੇ ਜਾਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਸਤੰਬਰ 1966 ਵਿੱਚ ਪੰਜਾਬ ਦੇ ਪੁਨਰਗਠਨ ਸੰਬੰਧੀ ਬਿੱਲ ਪਾਸ ਹੋਇਆ ਜਿਸ ਦੇ ਫਲਸਰੂਪ 1 ਨਵੰਬਰ 1966 ਪੰਜਾਬ ਬਹੁਗਿਣਤੀ ਪੰਜਾਬੀ ਬੋਲੀ ਵਾਲਾ ਸੂਬਾ ਬਣ ਗਿਆ। ਕੇਂਦਰ ਨੇ ਜਾਣਬੁੱਝ ਕੇ ਕੁਝ ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨਾਲ ਜੋੜ ਕੇ ਪੰਜਾਬ ਨਾਲ ਨਾਇਨਸਾਫੀ ਕੀਤੀ। ਉਸ ਸਮੇਂ ਤੋਂ ਹੀ ਕੁਝ ਮਹੱਤਵਪੂਰਨ ਮਸਲੇ ਜਿਵੇਂ ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲੀ ਬੋਲਣ ਵਾਲੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਦਰਿਆਈ ਤੇ ਨਹਿਰੀ ਪਾਣੀਆਂ ਦਾ ਮਸਲਾ ਆਦਿ ਲਟਕ ਗਏ।

