Punjabi youth dies due to drowning in Himachal
ਹਿਮਾਚਲ ‘ਚ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ
ਕਸੋਲ, (ਆਵਾਜ਼ਿ ਕੌਮ ਬਿਊਰੋ)-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕਸੋਲ ‘ਚ ਪੰਜਾਬ ਦਾ ਇੱਕ ਸੈਲਾਨੀ ਇੱਕ ਨਾਲ਼ੇ ‘ਚ ਡੁੱਬ ਗਿਆ। ਪੁਲਸ ਨੇ ਕਿਹਾ ਕਿ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਅੰਸ਼ਤੇਜ (21) ਆਪਣੇ ਦੋਸਤਾਂ ਨਾਲ ਪਾਰਵਤੀ ਘਾਟੀ ਦੇਖਣ ਲਈ ਕੁੱਲੂ ਆਇਆ ਸੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਜੈਨਾਲਾ ਖੇਤਰ ਵਿੱਚ ਇੱਕ ਸਥਾਨਕ ਝਰਨੇ ਹੇਠਾਂ ਨਹਾਉਂਦੇ ਸਮੇਂ ਤੇਜ਼ ਵਹਾਅ ਕਾਰਨ ਉਹ ਡੂੰਘੇ ਪਾਣੀ ‘ਚ ਰੁੜ੍ਹ ਗਿਆ। ਉਨ੍ਹਾਂ ਕਿਹਾ ਕਿ ਉਸਦੇ ਦੋਸਤਾਂ ਨੇ ਮਦਦ ਲਈ ਆਵਾਜ਼ ਮਾਰੀ, ਜਿਸ ਤੋਂ ਬਾਅਦ ਨੇੜਲੇ ਲੋਕ ਮੌਕੇ ‘ਤੇ ਪਹੁੰਚੇ ਅਤੇ ਉਸਨੂੰ ਬਾਹਰ ਕੱਢਿਆ ਤੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲਾ ਦਰਜ ਕੀਤਾ ਹੈ ਅਤੇ ਕਿਹਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਮਾਨਸੂਨ ਦੌਰਾਨ ਨਦੀਆਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਤੇ ਵਹਾਅ ਅਚਾਨਕ ਵੱਧ ਸਕਦਾ ਹੈ, ਜੋ ਉਨ੍ਹਾਂ ਨੂੰ ਬਹੁਤ ਖਤਰਨਾਕ ਬਣਾ ਦਿੰਦਾ ਹੈ। ਕੁੱਲੂ ਪ੍ਰਸ਼ਾਸਨ ਨੇ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਨਦੀਆਂ, ਝਰਨਿਆਂ ਆਦਿ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

