Punjab’s air turns toxic; Bathinda’s AQI reaches 1258 due to Diwali firecrackers
ਜ਼ਹਿਰੀਲੀ ਹੋਈ ਪੰਜਾਬ ਦੀ ਹਵਾ, ਦੀਵਾਲੀ ਦੇ ਪਟਾਕਿਆਂ ਕਾਰਨ ਬਠਿੰਡਾ ਦਾ AQI 1258 ‘ਤੇ ਪੁੱਜਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਦੀਵਾਲੀ ਦੇ ਤਿਉਹਾਰ ਤੋਂ ਬਾਅਦ ਪੰਜਾਬ ਦੀ ਆਬੋ-ਹਵਾ ਪਟਾਕਿਆਂ ਦੇ ਧੂੰਏ ਅਤੇ ਪਰਾਲੀ ਦੇ ਸਾੜਨ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਗਈ ਹੈ। ਪਟਾਕਿਆਂ ਦੇ ਧੂੰਏ ਕਾਰਨ ਜ਼ਹਿਰੀਲੇ ਕਣ ਹਵਾ ਵਿਚ ਫੈਲ ਗਏ ਹਨ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਇਸ ਦੌਰਾਨ ਧੂੰਏ ਕਾਰਨ ਬਠਿੰਡਾ ਦਾ AQI 1258 ਦਰਜ ਕੀਤਾ ਗਿਆ, ਜੋ ਸਾਰਿਆਂ ਤੋਂ ਵੱਧ ਪ੍ਰਦੂਸ਼ਿਤ ਰਿਹਾ ਹੈ। ਇਸ ਤੋਂ ਬਾਅਦ ਫਰੀਦਕੋਟ AQI 1186 ਨਾਲ ਦੂਜੇ ਅਤੇ ਦਿੱਲੀ 1034 AQI ਨਾਲ ਤੀਜੇ ਨੰਬਰ ‘ਤੇ ਰਿਹਾ ਹੈ। ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਸਣੇ ਪੰਜਾਬ ਦੇ ਕਈ ਸ਼ਹਿਰਾਂ ਵਿਚ AQI 300 ਤੋਂ ਪਾਰ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਦਰਜ ਕੀਤੀ ਗਈ ਹੈ। ਪਟਾਕਿਆਂ ਦੇ ਧੂੰਏ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿਚ ਅਗਲੇ ਦਿਨ ਹਵਾ ਖਰਾਬ ਰਹਿਣ ਦੀ ਉਮੀਦ ਹੈ। ਇਸ ਦੌਰਾਨ ਆਸਮਾਨ ਵਿਚ ਧੂੰਏ ਦੇ ਰਹਿਣ ਦੇ ਆਸਾਰ ਹਨ। ਦੱਸ ਦੇਈਏ ਕਿ ਸੂਬੇ ਵਿਚ ਪਰਾਲੀ ਸਾੜਨ ਦੇ 3144 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨਾਲ ਹਵਾ ਹੋਰ ਜ਼ਿਆਦਾ ਜ਼ਹਿਰੀਲੀ ਹੋ ਗਈ ਹੈ।

