ਦਿੱਲੀ ਵਿਚ ਕਿਤਾਬ ਰਿਲੀਜ਼ ਸਮਾਰੋਹ ’ਚ ਕੈਪਟਨ ਅਮਰਿੰਦਰ ਸਿੰਘ ਦਾ ਖੁਲਾਸਾ
ਰਾਜੀਵ ਗਾਂਧੀ ਦੀ ਭਿੰਡਰਾਂਵਾਲੇ ਨਾਲ ਮੁਲਾਕਾਤ ਇੰਦਰਾ ਗਾਂਧੀ ਨੇ ਦੋ ਵਾਰ ਰੁਕਵਾਈ : ਕੈਪਟਨ

ਦਿੱਲੀ, 1 ਅਕਤੂਬਰ (ਖ਼ਾਸ ਰਿਪੋਰਟ):ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਹੋਏ ਇੱਕ ਕਿਤਾਬ ਰਿਲੀਜ਼ ਸਮਾਰੋਹ ਦੌਰਾਨ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਰਾਜੀਵ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਮੁਲਾਕਾਤ ਕਰਵਾਉਣ ਲਈ ਕਿਹਾ ਗਿਆ ਸੀ।
ਕੈਪਟਨ ਦੇ ਅਨੁਸਾਰ, ਉਸ ਵੇਲੇ ਦੇ ਐਸਐਸਪੀ ਸਿਮਰਨਜੀਤ ਸਿੰਘ ਮਾਨ, ਜੋ ਭਿੰਡਰਾਂਵਾਲੇ ਨਾਲ ਨੇੜਤਾ ਰੱਖਦੇ ਸਨ, ਦੀ ਮਦਦ ਨਾਲ ਅੰਬਾਲਾ ਏਅਰਬੇਸ ’ਤੇ ਇਹ ਮੁਲਾਕਾਤ ਨਿਸਚਿਤ ਕੀਤੀ ਗਈ ਸੀ। ਪਰ ਜਿਉਂ ਹੀ ਰਾਜੀਵ ਗਾਂਧੀ ਦਿੱਲੀ ਤੋਂ ਰਵਾਨਾ ਹੋਏ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੁਨੇਹਾ ਆ ਗਿਆ ਕਿ ਇਹ ਮੁਲਾਕਾਤ ਨਾ ਹੋਵੇ।
ਕੈਪਟਨ ਨੇ ਕਿਹਾ ਕਿ ਉਸ ਵੇਲੇ ਭਿੰਡਰਾਂਵਾਲੇ ਨੂੰ ਉਹਨਾਂ ਨੇ ਦੱਸਿਆ ਕਿ “ਜਹਾਜ਼ ਵਿੱਚ ਖਰਾਬੀ ਆ ਗਈ ਸੀ” ਇਸ ਲਈ ਮੁਲਾਕਾਤ ਨਹੀਂ ਹੋ ਸਕੀ। ਤਿੰਨ ਹਫ਼ਤਿਆਂ ਮਗਰੋਂ ਦੁਬਾਰਾ ਅੰਬਾਲਾ ਜਾਣ ਦੀ ਯੋਜਨਾ ਬਣੀ ਪਰ ਇਸ ਵਾਰ ਵੀ ਏਅਰਪੋਰਟ ਕੰਟਰੋਲ ਟਾਵਰ ਤੋਂ ਰਾਜੀਵ ਗਾਂਧੀ ਨੂੰ ਵਾਪਸ ਆਉਣ ਦੇ ਹੁਕਮ ਦਿੱਤੇ ਗਏ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਉਸ ਵੇਲੇ ਆਪਣੇ ਪੁੱਤਰ ਰਾਜੀਵ ਗਾਂਧੀ ਉੱਤੇ ਸੰਭਾਵੀ ਹਮਲੇ ਦਾ ਡਰ ਸੀ। ਇਹ ਚਿੰਤਾ ਤਤਕਾਲੀ ਪੰਜਾਬ ਮੁੱਖ ਮੰਤਰੀ ਦਰਬਾਰਾ ਸਿੰਘ ਵੱਲੋਂ ਜ਼ਾਹਿਰ ਕੀਤੀ ਗਈ ਸੀ ਕਿ ਰਾਜੀਵ ਗਾਂਧੀ ਨਿਸ਼ਾਨਾ ਬਣ ਸਕਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਿਹਾ ਕਿ ਜੇ ਇਹ ਗੱਲਬਾਤ “ਸਾਬੋਤਾਜ” ਨਾ ਕੀਤੀ ਜਾਂਦੀ, ਤਾਂ ਪੰਜਾਬ ਦੇ ਮਾਮਲੇ ਵਿੱਚ ਕੋਈ ਸਾਰਥਿਕ ਹੱਲ ਤੇ ਸਕਾਰਾਤਮਕ ਪ੍ਰਗਤੀ ਹੋ ਸਕਦੀ ਸੀ।

