Recruitment in the Electricity Department: Women made to climb poles for a physical test
ਬਿਜਲੀ ਵਿਭਾਗ ‘ਚ ਭਰਤੀ ; ਔਰਤਾਂ ਨੂੰ ਖੰਭਿਆਂ ‘ਤੇ ਚੜ੍ਹਾ ਕੇ ਲਿਆ ਗਿਆ ਫਿਜ਼ੀਕਲ ਟੈਸਟ
ਕੋਇੰਬਟੂਰ (ਆਵਾਜ਼ਿ ਕੌਮ ਬਿਊਰੋ)- ਤਾਮਿਲਨਾਡੂ ਦੇ ਕੋਇੰਬਟੂਰ ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਫਿਟਨੈੱਸ ਟੈਸਟ ਲਈ ਔਰਤਾਂ ਬਿਜਲੀ ਦੇ ਖੰਭਿਆਂ ‘ਤੇ ਚੜ੍ਹ ਗਈਆਂ। ਬਿਜਲੀ ਵਿਭਾਗ ‘ਚ ਫੀਲਡ ਅਸਿਸਟੈਂਟ ਬਣਨ ਲਈ ਔਰਤਾਂ ਫਿਟਨੈੱਸ ਟੈਸਟ ਦੇ ਰਹੀਆਂ ਹਨ। ਇਸ ਦੌਰਾਨ ਉਹ ਬਿਜਲੀ ਦੇ ਖੰਭਿਆਂ ‘ਤੇ ਚੜ੍ਹ ਰਹੀਆਂ ਹਨ ਅਤੇ ਭਾਰੀ ਲੋਹੇ ਦਾ ਸਾਮਾਨ ਚੁੱਕ ਰਹੀਆਂ ਹਨ। ਔਰਤਾਂ ਸੁਰੱਖਿਆ ਬੈਲਟ ਅਤੇ ਔਜਾਰਾਂ ਨਾਲ 25 ਤੋਂ 30 ਫੁੱਟ ਉੱਚੇ ਖੰਭਿਆਂ ‘ਤੇ ਚੜ੍ਹ ਕੇ ਟੈਸਟ ਦੇ ਰਹੀਆਂ ਹਨ। ਇਹ ਫਿਜ਼ੀਕਲ ਟੈਸਟ ਤਾਮਿਲਨਾਡੂ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਵਲੋਂ ਕਰਵਾਇਆ ਜਾ ਰਿਹਾ ਹੈ। 11 ਨਵੰਬਰ ਤੋਂ ਸ਼ੁਰੂ ਹੋਈ ਚੋਣ ਪ੍ਰਕਿਰਿਆ ਦੇ ਪਹਿਲੇ ਦਿਨ ਕਰੀਬ 139 ਉਮੀਦਵਾਰਾਂ ਨੇ ਹਿੱਸਾ ਲਿਆ। ਇਨ੍ਹਾਂ ‘ਚ 59 ਔਰਤਾਂ ਸਨ। ਇਸ ਟੈਸਟ ਲਈ ਉਮੀਦਵਾਰਾਂ ਦੀ ਤਾਕਤ, ਫੁਰਤੀ ਅਤੇ ਕੰਮ ਕਰਨ ਦੀ ਸਮਰੱਥਾ ਜਾਂਚੀ ਜਾ ਰਹੀ ਹੈ। ਇਕ ਔਰਤ ਹਾਲ ਹੀ ‘ਚ ਮਾਂ ਬਣੀ ਹੈ। ਉਸ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਅਤੇ ਸਰਕਾਰੀ ਨੌਕਰੀ ਪਾਉਣ ਲਈ ਉਹ ਟੈਸਟ ਦੇ ਰਹੀ ਹੈ। ਉਮੀਦਵਾਰਾਂ ਨੂੰ ਖੰਭੇ ‘ਤੇ ਚੜ੍ਹ ਕੇ ਲੋਹੇ ਦਾ ਕ੍ਰਾਸ-ਆਰਮ ਫਿਟ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਅਤ ਹੇਠਾਂ ਉਤਰਨਾ ਹੁੰਦਾ ਹੈ। ਉੱਥੇ ਹੀ ਕੋਇੰਬਟੂਰ ਤੋਂ ਇਲਾਵਾ ਤਾਮਿਲਨਾਡੂ ਦੇ ਦੂਜੇ ਜ਼ਿਲ੍ਹਿਆਂ ‘ਚ ਵੀ ਫੀਲਡ ਅਸਿਸਟੈਂਟ ਅਹੁਦਿਆਂ ਲਈ ਚੋਣ ਪ੍ਰਕਿਰਿਆ ਚੱਲ ਰਹੀ ਹੈ।

