Rekha Gupta’s statement during the BJP’s ‘Drug-Free Punjab Yatra’: A need to break the chain of drug abuse
ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ CM ਰੇਖਾ ਗੁਪਤਾ ਦਾ ਬਿਆਨ, ਨਸ਼ੇ ਦੀ ਜੰਜੀਰ ਨੂੰ ਤੋੜਨ ਦੀ ਲੋੜ
ਫਤਿਹਗੜ੍ਹ ਸਾਹਿਬ (ਆਵਾਜ਼ਿ ਕੌਮ ਬਿਊਰੋ)-ਭਾਜਪਾ ਵੱਲੋਂ ਪੰਜਾਬ ਭਰ ‘ਚ ਕੱਢੀ ਜਾ ਰਹੀ “ਨਸ਼ਾ ਮੁਕਤ ਪੰਜਾਬ ਯਾਤਰਾ” ਦੇ ਦੂਜੇ ਦਿਨ ਦੀ ਸ਼ੁਰੂਆਤ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕੀਤੀ ਗਈ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਿਰਕਤ ਕੀਤੀ। ਰੇਖਾ ਗੁਪਤਾ ਨੇ ਪਹਿਲਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਸਿੱਖ ਇਤਿਹਾਸ ‘ਚ ਇਸ ਅਸਥਾਨ ਦਾ ਵਿਸ਼ੇਸ਼ ਧਾਰਮਿਕ ਅਤੇ ਇਤਿਹਾਸਕ ਮਹੱਤਵ ਹੈ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਰੇਖਾ ਗੁਪਤਾ ਭਾਜਪਾ ਵੱਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨਾਲ ਸਬੰਧਤ ਰੈਲੀ ‘ਚ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ। ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਮਿਲ ਕੇ ਪੰਜਾਬ ਨੂੰ ਸੁਰੱਖਿਅਤ ਬਣਾਉਣਾ ਹੈ। ਇਸ ਮੌਕੇ ਰੇਖਾ ਗੁਪਤਾ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਾਡੇ ਗੁਰੂਆਂ ਅਤੇ ਕਿਸਾਨਾਂ ਦੀ ਧਰਤੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਾਕਸ਼ੀ ਪੰਜਾਬ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੈ। ਰੇਖਾ ਗੁਪਤਾ ਨੇ ਇਸ ਮੌਕੇ ਆਮ ਆਦਮੀ ਪਾਰਟੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਨਸ਼ੇ ਦੇ ਮੁੱਦੇ ‘ਤੇ ਬੋਲਦੇ ਹੋਏ ਰੇਖਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਸ਼ੇ ‘ਚ ਧਕੇਲਿਆ ਗਿਆ ਹੈ। ਪੰਜਾਬ ‘ਚ ਗਲੀ-ਗਲੀ ਹਰ ਸ਼ਹਿਰ ਵਿਚ ਨਸ਼ਾ ਵਿੱਕ ਰਿਹਾ ਹੈ। ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ‘ਤੇ ਬੋਲਦੇ ਰੇਖਾ ਨੇ ਕਿਹਾ ਕਿ ਗੁਲਜ਼ਾਰ ਸਿੰਘ ਦਾ ਕੀ ਕਸੂਰ ਸੀ, ਉਸ ਨੇ ਸਿਰਫ਼ ਇੰਨਾ ਹੀ ਕਿਹਾ ਸੀ ਕਿ ਸਾਡੇ ਸ਼ਹਿਰ ‘ਚ ਡਰੱਗ ਮਾਫ਼ੀਆ ਕੰਮ ਕਰ ਰਿਹਾ ਹੈ, ਸ਼ਰੇਆਮ ਡਰੱਗ ਵਿਕ ਰਿਹਾ ਹੈ। ਇਹ ਸਵਾਲ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਪਸੰਦ ਨਹੀਂ ਆਇਆ ਅਤੇ ਗੁਲਜ਼ਾਰ ਸਿੰਘ ਨੂੰ ਇੰਨਾ ਬਦਨਾਮ ਅਤੇ ਪੀੜਤ ਕਰ ਦਿੱਤਾ ਕਿ ਹੁਣ ਉਹ ਖ਼ੁਦ ਮਰਿਆ ਹੈ ਜਾਂ ਮਾਰਿਆ ਗਿਆ ਹੈ, ਇਸ ਦਾ ਫ਼ੈਸਲਾ ਜਨਤਾ ਨੂੰ ਕਰਨਾ ਹੈ। ਪੰਜਾਬ ਵਿਚ ਗੁਲਜ਼ਾਰ ਸਿੰਘ ਵਰਗੇ ਹਜ਼ਾਰਾਂ ਮਾਤਾ-ਪਿਤਾ ਹਨ, ਜਿਨ੍ਹਾਂ ਦੇ ਪੁੱਤਾਂ ਨੂੰ ਨਸ਼ੇ ਨੇ ਖਾਹ ਲਿਆ ਹੈ ਪਰ ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਡਰੱਗ ਮਾਫ਼ੀਆ ਨਾਲ ਮਿਲੀਭੁਗਤ ਹੋਣ ਦੇ ਇਲਜ਼ਾਮ ਲਾਏ ਹਨ। ਅੱਜ 5 ਸਾਲ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖ਼ਤਮ ਨਹੀਂ ਕੀਤਾ ਗਿਆ ਹੈ। ਪੰਜਾਬ ਅੱਜ ਡਰੱਗ ਮਾਫ਼ੀਆ ਦੇ ਸਾਹਮਣੇ ਝੁਕ ਨਹੀਂ ਸਕਦਾ ਹੈ। ਅੱਜ ਪੰਜਾਬ ਨਸ਼ੇ ਖ਼ਿਲਾਫ਼ ਬੁਲੰਦ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ੇ ਦੀ ਜਿਹੜੀ ਜੰਜੀਰ ‘ਚ ਜਕੜਾ ਹੋਇਆ ਹੈ, ਉਸ ਨੂੰ ਹੁਣ ਤੋੜਨ ਦੀ ਲੋੜ ਹੈ। ਨਾ ਕੋਈ ਇਨਜੈਕਸ਼ਨ, ਨਾ ਕੋਈ ਗੋਲ਼ੀ, ਇਹ ਜੋ ਜੰਜੀਰ, ਜਿਸ ‘ਚ ਪੰਜਾਬ ਜਕੜਿਆ ਹੋਇਆ ਹੈ, ਉਸ ਨੂੰ ਤੋੜਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਦੇ ਖ਼ੁਦ ਦੇ ਨੇਤਾ ਡਰੱਗ ਮਾਫ਼ੀਆ ਵਿਚ ਸ਼ਾਮਲ ਹੋਣ, ਉਹ ਸਰਕਾਰ ਚਲਾ ਰਿਹਾ ਹੈ ਤਾਂ ਇਹ ਪੰਜਾਬ ਲਈ ਬੇਹੱਦ ਹੀ ਬਦਕਿਸਮਤੀ ਵਾਲੀ ਗੱਲ ਹੈ। ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ ਅਤੇ ਸਰਕਾਰੀ ਨੁਮਾਇੰਦੇ ਅਮੀਰ ਹੁੰਦੇ ਜਾ ਰਹੇ ਹਨ, ਇਨ੍ਹਾਂ ਦੇ ਮਹਿਲ ਬਣਦੇ ਜਾ ਰਹੇ ਹਨ। ਪੰਜਾਬ ਦੀ ਜਨਤਾ ਇਹ ਸਭ ਹੋਰ ਸਹਿਣ ਨਹੀਂ ਕਰ ਸਕਦੀ। ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਪੂਰਾ ਦੇਸ਼ ਪੰਜਾਬ ਦੇ ਨਾਲ ਹੈ।

