ਪਰਦੇ ਪਿੱਛੇ ਬਣੀ ਕਮੇਟੀ ਦਾ ਖੁਲਾਸਾ ਕਰੋ, ਨਹੀਂ ਤਾਂ ਸੰਗਤ ਸਾਹਮਣੇ ਸੱਚ ਸਾਬਤ ਕਰੋ – ਜਥੇਦਾਰ ਬਲਦੇਵ ਸਿੰਘ

10 ਮਾਰਚ 2026, ਬਰਮਿੰਘਮ,ਇੰਗਲੈਂਡ –ਇੰਗਲੈਂਡ ਦੇ ਬਰਮਿੰਘਮ ਵਿਖੇ ਸਥਿਤ ਗੁਰਦੁਆਰਾ ਬਾਬਾ ਸੰਗ ਸਾਹਿਬ ਨਾਲ ਸੰਬੰਧਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਿਤ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਜਥੇਦਾਰ ਬਲਦੇਵ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਕੜੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਇਸ ਮਾਮਲੇ ਨੂੰ ਪੰਥਕ ਪੱਧਰ ‘ਤੇ ਗੰਭੀਰਤਾ ਨਾਲ ਵਿਚਾਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਸਮੇਂ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨਾਂ ਨੇ ਇੰਗਲੈਂਡ ਵਿੱਚ ਪੰਜ ਮੈਂਬਰੀ ਜਾਂਚ ਕਮੇਟੀ ਬਣਾਈ ਸੀ। ਇਸ ਕਮੇਟੀ ਦੀ ਅਗਵਾਈ ਜਥੇਦਾਰ ਬਲਦੇਵ ਸਿੰਘ ਨੂੰ ਸੌਂਪੀ ਗਈ ਸੀ ਅਤੇ ਕਮੇਟੀ ਨੂੰ ਪੂਰੇ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਮੌਕੇ ‘ਤੇ ਜਾ ਕੇ ਕੀਤੀ ਗਈ ਜਾਂਚ ਅਤੇ ਇਕੱਠੇ ਕੀਤੇ ਤੱਥਾਂ ਦੇ ਆਧਾਰ ‘ਤੇ ਤਿਆਰ ਕੀਤੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ ਸੀ, ਜਿਸ ਵਿੱਚ ਗੁਰਦੁਆਰਾ ਬਾਬਾ ਸੰਗ ਸਾਹਿਬ ਵਿਖੇ ਹੋਈ ਬੇਅਦਬੀ ਲਈ ਮਨਵੀਰ ਸਿੰਘ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਨਵੀਰ ਸਿੰਘ ਨੂੰ ਤਲਬ ਕਰਕੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਅੱਜ ਤੱਕ ਉਹ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਹਨ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਲਿਖਤੀ ਮਾਫ਼ੀ ਮੰਗੀ ਗਈ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕਿਸੇ ਹੋਰ ਕਮੇਟੀ ਦਾ ਗਠਨ ਕਰਕੇ ਇਸ ਮਾਮਲੇ ਦੀ ਮੁੜ ਜਾਂਚ ਕਰਵਾਈ ਗਈ ਹੈ। ਪਰ ਇਸ ਕਮੇਟੀ ਦੇ ਗਠਨ ਬਾਰੇ ਨਾ ਤਾਂ ਇੰਗਲੈਂਡ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਕੋਈ ਜਾਣਕਾਰੀ ਦਿੱਤੀ ਗਈ, ਨਾ ਹੀ ਸੰਗਤਾਂ ਨੂੰ ਅਤੇ ਨਾ ਹੀ ਇਸ ਬਾਰੇ ਕਿਸੇ ਅਖਬਾਰ ਜਾਂ ਜਨਤਕ ਮੰਚ ‘ਤੇ ਕੋਈ ਜਾਣਕਾਰੀ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਪਰਦੇ ਦੇ ਪਿੱਛੇ ਬਣਾਈ ਗਈ ਕਿਸੇ ਵੀ ਕਮੇਟੀ ਦੇ ਆਧਾਰ ‘ਤੇ ਪਹਿਲਾਂ ਕੀਤੀ ਗਈ ਪੰਥਕ ਜਾਂਚ ਨੂੰ ਰੱਦ ਕਰ ਦੇਣਾ ਗੰਭੀਰ ਸਵਾਲ ਖੜੇ ਕਰਦਾ ਹੈ।
ਜਥੇਦਾਰ ਬਲਦੇਵ ਸਿੰਘ ਨੇ ਸਪੱਸ਼ਟ ਕਿਹਾ ਕਿ ਜੇਕਰ ਅਜਿਹੀ ਕੋਈ ਕਮੇਟੀ ਬਣਾਈ ਗਈ ਹੈ ਤਾਂ ਉਸ ਦੇ ਮੈਂਬਰਾਂ ਦੇ ਨਾਮ, ਉਸ ਦੀ ਜਾਂਚ ਪ੍ਰਕਿਰਿਆ ਅਤੇ ਉਸ ਦੇ ਨਤੀਜੇ ਸੰਗਤਾਂ ਸਾਹਮਣੇ ਰੱਖੇ ਜਾਣ। ਉਨ੍ਹਾਂ ਪੁੱਛਿਆ ਕਿ ਬਿਨਾਂ ਮੌਕੇ ‘ਤੇ ਜਾ ਕੇ ਜਾਂਚ ਕੀਤੇ ਅਤੇ ਬਿਨਾਂ ਸੰਬੰਧਿਤ ਪੱਖਾਂ ਨਾਲ ਗੱਲਬਾਤ ਕੀਤੇ ਕਿਵੇਂ ਇਹ ਨਤੀਜਾ ਕੱਢਿਆ ਗਿਆ ਕਿ ਗੁਰਦੁਆਰਾ ਬਾਬਾ ਸੰਗ ਸਾਹਿਬ ਵਿਖੇ ਕੋਈ ਬੇਅਦਬੀ ਨਹੀਂ ਹੋਈ।
ਉਨ੍ਹਾਂ ਇਸ ਕਮੇਟੀ ਨੂੰ ਖੁੱਲ੍ਹਾ ਚੈਲੇਂਜ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਫੈਸਲੇ ‘ਤੇ ਕਾਇਮ ਹਨ ਤਾਂ ਗੁਰਦੁਆਰਾ ਬਾਬਾ ਸੰਗ ਸਾਹਿਬ ਵਿਖੇ ਸੰਗਤ ਦੇ ਸਾਹਮਣੇ ਜਾਂ ਮੀਡੀਆ ਦੇ ਰਾਹੀਂ ਖੁੱਲ੍ਹੀ ਚਰਚਾ ਲਈ ਸਾਹਮਣੇ ਆਉਣ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਉੱਥੇ ਹਾਜ਼ਰ ਹੋਣਗੇ ਤਾਂ ਜੋ ਸੱਚਾਈ ਸੰਗਤਾਂ ਦੇ ਸਾਹਮਣੇ ਆ ਸਕੇ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਜਾਂ ਨਹੀਂ।
ਜਥੇਦਾਰ ਬਲਦੇਵ ਸਿੰਘ ਨੇ ਅੰਤ ਵਿੱਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਅਤੇ ਸਤਿਕਾਰ ਸਿੱਖ ਪੰਥ ਲਈ ਸਭ ਤੋਂ ਉੱਚਾ ਮਾਮਲਾ ਹੈ ਅਤੇ ਇਸ ਨਾਲ ਸੰਬੰਧਿਤ ਕਿਸੇ ਵੀ ਮਾਮਲੇ ਵਿੱਚ ਗੁਪਤ ਤਰੀਕੇ ਨਾਲ ਜਾਂ ਪਰਦੇ ਪਿੱਛੇ ਫੈਸਲੇ ਕਰਨਾ ਪੰਥਕ ਪਰੰਪਰਾਵਾਂ ਅਤੇ ਸੰਗਤਾਂ ਦੇ ਵਿਸ਼ਵਾਸ ਦੇ ਖ਼ਿਲਾਫ਼ ਹੈ। ਇਸ ਲਈ ਲੋੜ ਹੈ ਕਿ ਪੂਰਾ ਮਾਮਲਾ ਪਾਰਦਰਸ਼ੀ ਤਰੀਕੇ ਨਾਲ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇ।

