2015 ਵਿੱਚ ਡੇਰਾ ਸੌਦਾ ਮੁਖੀ ਨੂੰ ਦਿੱਤੀ ਮੁਆਫ਼ੀ ਵਾਪਸ — ਸਿੱਖ ਪੰਥ ਦੇ ਇਤਿਹਾਸ ਦਾ ਇਕ ਮਹੱਤਵਪੂਰਨ ਮੋੜ

ਅੰਮ੍ਰਿਤਸਰ, 16 ਅਕਤੂਬਰ 2015: ਇਸੇ ਦਿਨ ਸਿੱਖ ਇਤਿਹਾਸ ਵਿੱਚ ਇਕ ਵੱਡਾ ਮੋੜ ਆਇਆ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਦੇ ਸਾਧ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ ਵਾਪਸ ਲੈ ਲਈ ਗਈ।
24 ਸਤੰਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਬਿਨਾ ਮੰਗੇ ਹੀ ਡੇਰਾ ਮੁਖੀ ਨੂੰ ਮੁਆਫੀ ਦੇ ਦਿੱਤੀ ਗਈ ਸੀ। ਇਸ ਫੈਸਲੇ ਨੇ ਪੂਰੇ ਸਿੱਖ ਪੰਥ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ।
29 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਜਨਰਲ ਇਜਲਾਸ ਨੇ ਵੀ ਬਾਦਲ ਪਰਿਵਾਰ ਦੇ ਦਬਾਅ ਹੇਠ ਉਹੀ ਮਤਾ ਪਾਸ ਕੀਤਾ ਕਿ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫ਼ੀ ਨੂੰ ਲਾਗੂ ਕੀਤਾ ਜਾਵੇ। ਹਾਲਾਂਕਿ ਕਈ ਮੈਂਬਰਾਂ ਨੇ ਇਸ ਫੈਸਲੇ ਦਾ ਖੁੱਲ੍ਹਾ ਵਿਰੋਧ ਵੀ ਕੀਤਾ ਸੀ।
⸻
ਮਾਮਲੇ ਦੀ ਪਿਛੋਕੜ:
ਸਾਲ 2007 ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ, ਉਨ੍ਹਾਂ ਦੀ ਵਰਗੀ ਪੋਸ਼ਾਕ ਪਹਿਨ ਕੇ “ਜਾਮ-ਏ-ਇੰਸਾਨ” ਦੇ ਨਾਮ ਹੇਠ ਅੰਮ੍ਰਿਤ ਛਕਾਉਣ ਦਾ ਪਾਖੰਡ ਕੀਤਾ ਸੀ। ਇਸ ਘਟਨਾ ਕਾਰਨ ਸਿੱਖ ਪੰਥ ਵਿੱਚ ਭਾਰੀ ਗੁੱਸਾ ਫੈਲ ਗਿਆ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਈ 2007 ਵਿੱਚ ਹੁਕਮਨਾਮਾ ਜਾਰੀ ਕਰਕੇ ਸਿੱਖਾਂ ਨੂੰ ਡੇਰਾ ਸਿਰਸਾ ਅਤੇ ਉਸ ਦੇ ਮੁਖੀ ਨਾਲ ਕੋਈ ਸਾਂਝ ਨਾ ਰੱਖਣ ਦਾ ਆਦੇਸ਼ ਦਿੱਤਾ ਸੀ।
⸻
2015 ਦੀ ਵਿਵਾਦਿਤ ਮੁਆਫ਼ੀ ਤੇ ਸਿਆਸੀ ਦਬਾਅ:
8 ਮਾਰਚ 2018 ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਐੱਸਆਈਟੀ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਫੈਸਲਾ ਬਾਦਲਾਂ ਵੱਲੋਂ ਪਹਿਲਾਂ ਹੀ ਕੀਤਾ ਗਿਆ ਸੀ।
ਉਨ੍ਹਾਂ ਦਾ ਦਾਅਵਾ ਸੀ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਸੀ।
ਇਕਬਾਲ ਸਿੰਘ ਨੇ ਇਹ ਵੀ ਕਿਹਾ ਕਿ ਡੇਰਾ ਮੁਖੀ ਦੀ ਮਾਫ਼ੀ ਵਾਲੀ ਚਿੱਠੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੋਧੀ ਗਈ ਅਤੇ ਹੇਠਾਂ ਜਾਲਸਾਜ਼ੀ ਨਾਲ ਦਸਤਖ਼ਤ ਕੀਤੇ ਗਏ ਸਨ।
⸻
ਅਕਸ਼ੇ ਕੁਮਾਰ ਦੀ ਮੀਟਿੰਗ ਦਾ ਖੁਲਾਸਾ:
ਇਹ ਵੀ ਸਾਹਮਣੇ ਆਇਆ ਕਿ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਡੇਰਾ ਮੁਖੀ ਨੂੰ ਮੁਆਫ਼ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
20 ਸਤੰਬਰ 2015 ਨੂੰ ਸੁਖਬੀਰ ਸਿੰਘ ਬਾਦਲ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਅਕਸ਼ੇ ਕੁਮਾਰ ਵਿਚਕਾਰ ਮੁੰਬਈ ਵਿੱਚ ਮੀਟਿੰਗ ਹੋਈ ਸੀ, ਜਿਸ ਵਿੱਚ ਮੁਆਫ਼ੀ ਦੇ ਸੌਦੇਬਾਜ਼ੀ ਹੋਣ ਦੇ ਦੋਸ਼ ਲੱਗੇ।
⸻
ਜਨਰਲ ਇਜਲਾਸ ਤੇ ਬਾਦਲ ਪ੍ਰਭਾਵ:
ਐਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ 4 ਸਤੰਬਰ 2018 ਨੂੰ “ਇੰਡੀਅਨ ਐਕਸਪ੍ਰੈਸ” ਨਾਲ ਗੱਲਬਾਤ ਦੌਰਾਨ ਕਬੂਲਿਆ ਸੀ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਆਖ਼ਰੀ ਪਲਾਂ ‘ਤੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਸੀ। ਮੱਕੜ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਇਹ ਫੈਸਲਾ ਸਿੱਖ ਪੰਥ ਲਈ ਗੰਭੀਰ ਨਤੀਜੇ ਲਿਆ ਸਕਦਾ ਹੈ।
⸻
ਫੈਸਲੇ ਦੀ ਵਾਪਸੀ — 16 ਅਕਤੂਬਰ 2015:
ਪੰਥਕ ਰੋਸ ਅਤੇ ਸਿੱਖ ਜਥੇਬੰਦੀਆਂ ਦੇ ਦਬਾਅ ਕਾਰਨ, ਆਖ਼ਿਰਕਾਰ 16 ਅਕਤੂਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫ਼ੀ ਵਾਪਸ ਲੈ ਲਈ। ਇਹ ਸਿੱਖ ਪੰਥ ਦੀ ਜਿੱਤ ਅਤੇ ਨਿਆਂ ਦੀ ਵਾਪਸੀ ਦਾ ਪ੍ਰਤੀਕ ਮੰਨਿਆ ਗਿਆ।
ਲੇਖਕ: ਡਾ. ਗੁਰਦੀਪ ਸਿੰਘ ਜਗਬੀਰ
(ਪੁਸਤਕ “365 ਦਿਨ ਸਿੱਖ ਇਤਿਹਾਸ ਦੇ” ਵਿੱਚੋਂ)

