Saudi Prince seeks support from Egypt amidst attacks by Houthi rebels
ਸਾਊਦੀ ਦੇ ਸ਼ਹਿਜ਼ਾਦੇ ਨੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿਚਾਲੇ ਮਿਸਰ ਤੋਂ ਮੰਗਿਆ ਸਮਰਥਨ
UAE, (ਆਵਾਜ਼ਿ ਕੌਮ ਬਿਊਰੋ)-ਸਾਊਦੀ ਅਰਬ ਦੇ ਸ਼ਹਿਜ਼ਾਦੇ ਨੇ ਯਮਨ ਦੇ ਹੂਤੀ ਬਾਗੀਆਂ ਵੱਲੋਂ ਦੇਸ਼ ਦੇ ਜਹਾਜ਼ਾਂ ਅਤੇ ਤੇਲ ਬੁਨਿਆਦੀ ਢਾਂਚੇ ’ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਚਕਾਰ ਮੰਗਲਵਾਰ ਨੂੰ ਮਿਸਰ ਦੇ ਰਾਸ਼ਟਰਪਤੀ ਤੋਂ ਸਮਰਥਨ ਮੰਗਿਆ। ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਕਾਹਿਰਾ ‘ਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹ ਅਲ-ਸੀਸੀ ਨਾਲ ਮੁਲਾਕਾਤ ਕੀਤੀ। ਸ਼ਹਿਜ਼ਾਦੇ ਨੇ ਇਕ ਬਿਆਨ ’ਚ ਕਿਹਾ ਕਿ ਦੋਵਾਂ ਨੇਤਾਵਾਂ ਨੇ ਲਾਲ ਸਾਗਰ ਅਤੇ ਬਾਬ ਅਲ-ਮੰਦੇਬ ਸਟ੍ਰੇਟ ਵਿਚ ਜਹਾਜ਼ਰਾਨੀ ਦੀ ਆਜ਼ਾਦੀ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੀ ਸਾਂਝੀ ਵਚਨਬੱਧਤਾ ਦੁਹਰਾਈ। ਅਲ-ਸੀਸੀ ਦੇ ਦਫ਼ਤਰ ਨੇ ਵੀ ਬਿਆਨ ਜਾਰੀ ਕਰ ਕੇ ‘ਸਾਊਦੀ ਅਰਬ ਨੂੰ ਸਮਰਥਨ ਦੇਣ ਦੇ ਮਿਸਰ ਦੇ ਦ੍ਰਿੜ੍ਹ ਇਰਾਦੇ’ ਨੂੰ ਪੇਸ਼ ਕੀਤਾ। ਹਾਲਾਂਕਿ, ਦੋਵਾਂ ਧਿਰਾਂ ਨੇ ਇਸ ਗੱਲ ਦਾ ਵੇਰਵਾ ਨਹੀਂ ਦਿੱਤਾ ਕਿ ਉਹ ਹੂਤੀ ਬਾਗੀਆਂ ਨਾਲ ਨਜਿੱਠਣ ਲਈ ਕੀ ਕਦਮ ਉਠਾਉਣਗੇ ਪਰ ਮੰਨਿਆ ਜਾ ਰਿਹਾ ਹੈ ਕਿ ਮਿਸਰ ਵੱਲੋਂ ਸਾਊਦੀ ਅਰਬ ਨੂੰ ਫੌਜੀ ਮਦਦ ਦੇਣ ਦੇ ਆਸਾਰ ਘੱਟ ਹਨ ਪਰ ਅਰਬ ਜਗਤ ਵਿਚ ਪ੍ਰਭਾਵ ਹੋਣ ਕਰ ਕੇ ਉਹ ਸਿਆਸੀ ਸਮਰਥਨ ਜੁਟਾਉਣ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ।

