Powerful explosion in Chandigarh! A bomb-like object fell at the feet of customers standing at a liquor vend
ਚੰਡੀਗੜ੍ਹ ‘ਚ ਜ਼ੋਰਦਾਰ ਧਮਾਕਾ! ਠੇਕੇ ‘ਤੇ ਖੜ੍ਹੇ ਗਾਹਕਾਂ ਦੇ ਪੈਰਾਂ ‘ਚ ਡਿੱਗੀ ਬੰਬਨੁਮਾ ਚੀਜ਼
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਚੰਡੀਗੜ੍ਹ ਦੇ ਪਿੰਡ ਕੈਂਬਵਾਲਾ ‘ਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਐਕਟਿਵਾ ‘ਤੇ ਆਏ 2 ਨੌਜਵਾਨਾਂ ਵਲੋਂ ਸ਼ਰਾਬ ਦੇ ਠੇਕੇ ‘ਤੇ ਬੰਬਨੁਮਾ ਚੀਜ਼ ਸੁੱਟ ਦਿੱਤੀ ਗਈ, ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਹੁੰਦੇ ਹੀ ਹਰ ਪਾਸੇ ਹਫੜਾ-ਦਫੜੀ ਮਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਐਕਟਿਵਾ ‘ਤੇ ਮੌਕੇ ਤੋਂ ਫ਼ਰਾਰ ਹੋ ਗਏ। ਧਮਾਕੇ ਤੋਂ ਤੁਰੰਤ ਬਾਅਦ ਠੇਕੇ ਦੇ ਮੈਨੇਜਰ ਵਰਿੰਦਰ ਸਿੰਘ ਨੇ ਪੁਲਸ ਕੰਟਰੋਲ ਰੂਮ ਦੇ ਨੰਬਰ 112 ‘ਤੇ ਸੂਚਨਾ ਦਿੱਤੀ। ਜਾਣਕਾਰੀ ਮੁਤਾਬਕ ਦੋਵੇਂ ਹਮਲਾਵਰ ਐਕਟਿਵਾ ‘ਤੇ ਸਵਾਰ ਹੋ ਕੇ ਠੇਕੇ ਬਾਹਰ ਪੁੱਜੇ ਸਨ। ਐਕਟਿਵਾ ਦੇ ਪਿੱਛੇ ਬੈਠੇ ਨੌਜਵਾਨ ਨੇ ਸਰਵਿਸ ਖਿੜਕੀ ਨੂੰ ਨਿਸ਼ਾਨਾ ਬਣਾ ਕੇ ਠੇਕੇ ਅੰਦਰ ਇਕ ਬੰਬਨੁਮਾ ਚੀਜ਼ ਅੰਦਰ ਸੁੱਟੀ ਪਰ ਉਹ ਅੰਦਰ ਜਾਣ ਦੀ ਬਜਾਏ ਗਾਹਕਾਂ ਦੇ ਪੈਰਾਂ ਕੋਲ ਡਿੱਗ ਗਈ। ਇਸ ਤੋਂ ਤੁੰਰਤ ਬਾਅਦ ਤੇਜ਼ ਧਮਾਕਾ ਹੋਇਆ। ਲੋਕ ਇੱਧਰ-ਉੱਧਰ ਭੱਜਣ ਲੱਗੇ ਅਤੇ ਇਸੇ ਦੌਰਾਨ ਐਕਟਿਵਾ ਸਵਾਰ ਦੋਵੇਂ ਨੌਜਵਾਨ ਉੱਥੋਂ ਫ਼ਰਾਰ ਹੋ ਗਏ। ਘਟਨਾ ਤੋਂ ਥੋੜ੍ਹੇ ਦਿਨ ਪਹਿਲਾਂ ਵੀ ਇਕ ਔਰਤ ਠੇਕੇ ਦੇ ਬਾਹਰ ਵੀਡੀਓ ਬਣਾਉਂਦੀ ਹੋਈ ਦਿਖਾਈ ਦਿੱਤੀ ਸੀ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਠੇਕਾ ਮਾਲਕ ਨੇ ਪੁਲਸ ਨੂੰ ਸੌਂਪ ਦਿੱਤੀ ਹੈ। ਠੇਕਾ ਸੰਚਾਲਕ ਨੇ ਮੈਨੇਜਰ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਵੀ ਪੁਲਸ ਨੂੰ ਮੰਗ ਕੀਤੀ ਹੈ। ਉਨ੍ਹਾਂ ਨੇ ਠੇਕੇ ਦੇ ਆਸ-ਪਾਸ ਪੁਲਸ ਗਸ਼ਤ ਵਧਾਉਣ ਣਤੇ ਰਾਤ ਦੇ ਸਮੇਂ ਵਿਸ਼ੇਸ਼ ਨਿਗਰਾਨੀ ਰੱਖਣ ਦੀ ਅਪੀਲ ਕੀਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।

